ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 6 ਨਵੰਬਰ
ਲੰਘੀ 30 ਅਕਤੂਬਰ ਨੂੰ ਬਲਾਚੌਰ ਦੇ ਵਾਰਡ ਨੰਬਰ 2 ਦੇ ਵਸਨੀਕ ਤਰਨਵੀਰ ਸਿੰਘ (16) ਨੂੰ ਵਰਗਲਾ ਕੇ ਲਿਜਾਣ ਮਗਰੋਂ ਉਸ ਦਾ ਕਤਲ ਕਰਨ ਦੇ ਮਾਮਲੇ ’ਚ ਗ੍ਰਿਫ਼ਤਾਰ ਮੁਲਜ਼ਮ ਜਤਿੰਦਰ ਸਿੰਘ ਵਾਸੀ ਬਲਾਚੌਰ ਦੀ ਮਾਤਾ ਹਰਦੇਵ ਕੌਰ (60) ਨੇ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੌਂਸਲ ਬਲਾਚੌਰ ਦੇ ਪਿੰਡ ਮਹਿੰਦੀਪੁਰ ਦੀ ਵਸਨੀਕ ਹਰਦੇਵ ਕੌਰ ਪਤਨੀ ਕਸ਼ਮੀਰ ਸਿੰਘ ਬੀਤੇ ਦਿਨ ਆਪਣੀ ਰਿਸ਼ਤੇਦਾਰੀ ਵਿੱਚ ਰਾਹੋਂ ਲਾਗੇ ਪੈਂਦੇ ਪਿੰਡ ਚਾਹੜ ਮਜਾਰਾ ਗਈ ਸੀ, ਜਿੱਥੇ ਉਸ ਨੇ ਆਪਣੇ ਪੁੱਤਰ ਵਲੋਂ ਕੀਤੇ ਕਥਿਤ ਕਾਰੇ ਦੀ ਨਮੋਸ਼ੀ ਨਾ ਝੱਲਦਿਆਂ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਨਵਾਂਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਲਿਜਾਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਰਾਹੋਂ ਪੁਲੀਸ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਉਸ ਦੀਆਂ ਧੀਆਂ ਨੂੰ ਸੌਂਪ ਦਿੱਤੀ।