ਪੱਤਰ ਪ੍ਰੇਰਕ
ਤਰਨ ਤਾਰਨ, 12 ਜੁਲਾਈ
ਜ਼ਿਲ੍ਹੇ ਅੰਦਰ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਹਰੀਕੇ ਤੋਂ ਨਿਵਾਣ (ਡਾਊਨ ਸਟਰੀਮ) ਨੂੰ ਸਤਲੁਜ ਦਰਿਆ ਵਿੱਚ ਪਾਣੀ ਦਾ ਵਹਾਅ ਅੱਜ 2.14 ਲੱਖ ਕਿਊਸਿਕ ਤੱਕ ਪਹੁੰਚ ਗਿਆ, ਜਿਹੜਾ ਕੱਲ੍ਹ 2.13 ਲੱਖ ਕਿਊਸਿਕ ਸੀ| ਉਥੇ ਹੀ ਜ਼ਿਲ੍ਹੇ ਅੰਦਰ ਧੁੱਸੀ ਬੰਨ੍ਹ ਨੂੰ ਖੋਰਾ ਲੱਗਣ ਕਾਰਨ ਦਰਿਆ ਦਾ ਪਾਣੀ ਸਰਹੱਦੀ ਖੇਤਰ ਅੰਦਰ ਬੀਐੱਸਐੱਫ਼ ਦੀਆਂ ਚੌਕੀਆਂ ਅੰਦਰ ਜਾ ਵੜਿਆ ਹੈ ਅਤੇ ਕਈ ਥਾਵਾਂ ਤੋਂ ਹੜ੍ਹਾਂ ਦਾ ਪਾਣੀ ਪਾਕਿਸਤਾਨ ਵੱਲ ਨੂੰ ਜਾਣਾ ਸ਼ੁਰੂ ਹੋ ਚੁੱਕਾ ਹੈ| ਬੀਐੱਸਐੱਫ਼ ਦੇ ਜਵਾਨ ਸੁਰੱਖਿਅਤ ਥਾਵਾਂ ’ਤੇ ਚਲੇ ਗਏ ਹਨ| ਜ਼ਿਲ੍ਹਾ ਪ੍ਰਸ਼ਾਸਨ ਤੋਂ ਇਲਾਵਾ ਸਿੰਜਾਈ ਵਿਭਾਗ ਅਤੇ ਪੁਲੀਸ ਵਿਭਾਗ ਦੇ ਅਧਿਕਾਰੀਆਂ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਆਉਂਦੇ ਦਿਨਾਂ ਵਿੱਚ ਜ਼ਿਲ੍ਹੇ ਅੰਦਰ ਸਥਿਤੀ ਹੋਰ ਗੰਭੀਰ ਬਣਨ ਦੀਆਂ ਸੰਭਾਵਨਾਂ ਹਨ| ਅਧਿਕਾਰੀਆਂ ਨੇ ਦੱਸਿਆ ਕਿ ਪੌਂਗ ਡੈਮ ਤੋਂ ਬਿਆਸ ਦਰਿਆ ਵਿੱਚ ਛੱਡਿਆ ਪਾਣੀ ਅਜੇ ਜ਼ਿਲ੍ਹੇ ਅੰਦਰ ਆਉਣਾ ਹੈ| ਅੱਜ ਜ਼ਿਲ੍ਹੇ ਅੰਦਰ ਘੜੁੰਮ ਤੇ ਮੁੱਠਿਆਂਵਾਲਾ ਵਿੱਚ ਧੁੱਸੀ ਬੰਨ੍ਹ ਨੂੰ ਖੋਰਾ ਲੱਗਣ ਨਾਲ ਹਾਲਾਤ ਹੋਰ ਖਤਰੇ ਵੱਲ ਚਲੇ ਗਏ ਹਨ| ਡਿਪਟੀ ਕਮਿਸ਼ਨਰ ਬਲਦੀਪ ਕੌਰ ਅਤੇ ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਨੇ ਬਚਾਅ ਕਾਰਜਾਂ ਦੀ ਅਗਵਾਈ ਕਰਦਿਆਂ ਆਸ-ਪਾਸ ਦੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਧੁੱਸੀ ਬੰਨ੍ਹ ਨੂੰ ਖੋਰਾ ਲੱਗਣ ਤੋਂ ਬਚਾਉਣ ਲਈ ਮੌਕੇ ’ਤੇ ਜੇਸੀਬੀ ਮਸ਼ੀਨਾਂ, ਟਰਾਲੀਆਂ ਅਤੇ ਟਿੱਪਰਾਂ ਲਗਾ ਦਿੱਤੀਆਂ ਹਨ|