ਗੁਰਦੀਪ ਸਿੰਘ ਲਾਲੀ
ਸੰਗਰੂਰ, 13 ਜਨਵਰੀ
ਰੁਜ਼ਗਾਰ ਦੀ ਮੰਗ ਨੂੰ ਲੈ ਕੇ ਇਥੇ ਸਿੱਖਿਆ ਮੰਤਰੀ ਦੀ ਕੋਠੀ ਅਤੇ ਡੀਸੀ ਕੰਪਲੈਕਸ ਅੱਗੇ ਪੱਕਾ ਮੋਰਚਾ ਲਗਾ ਕੇ ਬੈਠੀਆਂ ਬੇਰੁਜ਼ਗਾਰ ਅਧਿਆਪਕ ਜਥੇਬੰਦੀਆਂ ਦੀ ਅੱਜ ਸਥਾਨਕ ਡੀਸੀ ਦਫ਼ਤਰ ਵਿੱਚ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨਾਲ ਪੈਨਲ ਮੀਟਿੰਗ ਹੋਈ। ਇਸ ਵਿੱਚ ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਡਿਪਟੀ ਕਮਿਸ਼ਨਰ ਰਾਮਵੀਰ ਵੀ ਸ਼ਾਮਲ ਸਨ। ਅਧਿਆਪਕ ਜਥੇਬੰਦੀਆਂ ਵੱਲੋਂ ਮੀਟਿੰਗ ਵਿੱਚ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ, ਆਲ ਪੰਜਾਬ 873 ਡੀਪੀਈ ਅਧਿਆਪਕ ਯੂਨੀਅਨ, 646 ਪੀਟੀਆਈ ਅਧਿਆਪਕ ਯੂਨੀਅਨ ਪੰਜਾਬ , ਬੇਰੁਜ਼ਗਾਰ ਆਰਟ ਐਂਡ ਕਰਾਫਟ ਯੂਨੀਅਨ ਪੰਜਾਬ ਦੇ ਨੁਮਾਇੰੰਦੇ ਸ਼ਾਮਲ ਹੋਏ।
ਮੀਟਿੰਗ ਮਗਰੋਂ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਨੇ ਉਨ੍ਹਾਂ ਦੀਆਂ ਮੰਗਾਂ ਜਲਦੀ ਮੰਨਣ ਦਾ ਭਰੋਸਾ ਤਾਂ ਦਿੱਤਾ ਹੈ ਪਰ ਇਸ ਦਾ ਕੋਈ ਨਿਸ਼ਚਿਤ ਸਮਾਂ ਨਹੀਂ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਬੇਰੁਜ਼ਗਾਰ ਸਾਂਝਾ ਮੋਰਚਾ ਵਿੱਚ ਸ਼ਾਮਲ ਪੰਜਵੀਂ ਜਥੇਬੰਦੀ ਬੇਰੁਜ਼ਗਾਰ ਮਲਟੀਪਰਪਜ਼ ਵਰਕਰ ਯੂਨੀਅਨ ਦੀਆਂ ਮੰਗਾਂ ਸਬੰਧੀ ਕੋਈ ਗੱਲਬਾਤ ਨਹੀਂ ਕੀਤੀ ਗਈ ਅਤੇ ਨਾ ਹੀ ਪ੍ਰਸ਼ਾਸਨ ਵੱਲੋਂ ਹਾਲੇ ਤਕ ਸਿਹਤ ਮੰਤਰੀ ਨਾਲ ਪੈਨਲ ਮੀਟਿੰਗ ਨਿਸ਼ਚਿਤ ਕਰਵਾਈ ਗਈ ਹੈ। ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਨੇ ਦੱਸਿਆ ਕਿ ਮੰਗਾਂ ਦੀ ਪ੍ਰਾਪਤੀ ਤਕ ਉਨ੍ਹਾਂ ਦੇ ਧਰਨੇ ਜਿਉਂ ਦੀ ਤਿਉਂ ਜਾਰੀ ਰਹਿਣਗੇ। ਉਨ੍ਹਾਂ ਬੇਰੁਜ਼ਗਾਰ ਸਾਥੀਆਂ ਨੂੰ ਵੱਧ ਤੋਂ ਵੱਧ ਮੋਰਚੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਅਤੇ ਭਰਾਤਰੀ ਜਥੇਬੰਦੀਆਂ ਨਾਲ ਜਲਦੀ ਮੀਟਿੰਗ ਕਰਕੇ ਅਗਲਾ ਸੰਘਰਸ਼ ਉਲੀਕਣ ਦਾ ਐਲਾਨ ਕੀਤਾ।