ਰਵੇਲ ਸਿੰਘ ਭਿੰਡਰ
ਪਟਿਆਲਾ, 23 ਅਪਰੈਲ
ਪੰਜਾਬੀ ਯੂਨੀਵਰਸਿਟੀ ਦੇ ਕਾਂਸਟੀਚੁਐਂਟ ਕਾਲਜਾਂ ਵਿੱਚ ਠੇਕੇ ’ਤੇ ਪੜ੍ਹ ਰਹੇ ਅਧਿਆਪਕਾਂ ਨੇ ਅੱਜ ਅਪਣੀਆਂ ਮੰਗਾਂ ਸਬੰਧੀ ਡੀਨ ਅਕਾਦਮਿਕ ਦੇ ਦਫਤਰ ਦੇ ਬਾਹਰ ਧਰਨਾ ਦੇ ਕੇ ਰੋਸ ਮੁਜ਼ਾਹਰਾ ਕੀਤਾ। ਇਸ ਤੋਂ ਬਾਅਦ ਅਧਿਆਪਕਾਂ ਨੇ ਯੂਨੀਵਰਸਿਟੀ ਕੈਂਪਸ ’ਚ ਰੈਲੀ ਵੀ ਕੀਤੀ। ਇਨ੍ਹਾਂ ਅਧਿਆਪਕਾਂ ਨੇ ਪਿਛਲੇ ਤਿੰਨ ਮਹੀਨੇ ਤੋਂ ਤਨਖਾਹਾਂ ਜਾਰੀ ਨਾ ਕਰਨ ’ਤੇ ਯੂਨੀਵਰਸਿਟੀ ਪ੍ਰਸਾਸਨ ਖ਼ਿਲਾਫ਼ ਰੋਸ ਜ਼ਾਹਿਰ ਕੀਤਾ ਅਤੇ ਪੰਜਾਬ ਸਰਕਾਰ ਦੇ ਘਰ-ਘਰ ਰੁਜ਼ਗਾਰ ਦੇ ਵਾਅਦੇ ਨੂੰ ਯਾਦ ਕਰਵਾਉਂਦਿਆਂ ਪੱਕੇ ਕਰਲ ਦੀ ਮੰਗ ਕੀਤੀ।
ਪੰਜਾਬੀ ਯੂਨੀਵਰਸਿਟੀ ਕੰਟਰੈਕਟ ਟੀਚਰਜ ਐਸੋਸੀਏਸਨ (ਪੁਕਟਾ) ਦੇ ਪ੍ਰਧਾਨ ਡਾ. ਲਵਦੀਪ ਸਰਮਾ ਨੇ ਧਰਨੇ ਨੂੰ ਸੰਬੋਧਨ ਦੌਰਾਨ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਤਾਨਾਸ਼ਾਹੀ ਰਵੱਈਆ ਅਪਣਾ ਰਿਹਾ ਹੈ। ਇੱਕ ਪਾਸੇ ਅਧਿਆਪਕਾਂ ਨੂੰ ਪਿਛਲੇ ਤਿੰਨ ਮਹੀਨੇ ਤੋਂ ਤਨਖਾਹ ਜਾਰੀ ਨਹੀਂ ਕੀਤੀ ਗਈ ਅਤੇ ਦੂਜੇ ਪਾਸੇ ਅਜਿਹੇ ਅਧਿਆਪਕਾਂ ਦੀ ਛਾਂਟੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਪੁਕਟਾ ਦੇ ਜਨਰਲ ਸਕੱਤਰ ਡਾ. ਦਲਵੀਰ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਕੰਟਰੈਕਟ ਅਧਿਆਪਕਾਂ ਨੂੰ ਤਣਾਅ ਵੱਲ ਧੱਕ ਰਿਹਾ। ਆਉਣ ਵਾਲੇ ਸਮੇਂ ਵਿੱਚ ਅਧਿਆਪਕ ਕੋਈ ਸਖਤ ਕਦਮ ਚੁੱਕ ਸਕਦੇ ਹਨ। ਡਾ. ਰੂਬੀ, ਡਾ. ਤਰਨਜੀਤ ਅਤੇ ਡਾ. ਰਣਜੀਤ ਸਿੰਘ ਨੇ ਇਨ੍ਹਾਂ ਅਧਿਆਪਕਾਂ ਨੂੰ ਪੱਕੇ ਕਰਨ ਦੀ ਮੰਗ ਕੀਤੀ।