ਫਾਜ਼ਿਲਕਾ, 13 ਜੁਲਾਈ
ਸਿੱਖਿਆ ਵਿਭਾਗ ਪੰਜਾਬ ਵੱਲੋਂ ਅੱਜ ਸ਼ੁਰੂ ਹੋਈਆਂ ਮਹੀਨਾਵਾਰ ਆਨਲਾਈਨ ਪ੍ਰੀਖਿਆਵਾਂ ਲਈ ਸਿੱਖਿਆ ਵਿਭਾਗ ਫਾਜ਼ਿਲਕਾ ਅਤੇ ਸਮੂਹ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ। ਪ੍ਰਸ਼ਨ ਪੱਤਰ ਸਵੇਰੇ 5 ਵਜੇ ਤੋਂ ਹੀ ਵਿਦਿਆਰਥੀਆਂ ਨੂੰ ਭੇਜਣੇ ਸ਼ੁਰੂ ਕੀਤੇ ਗਏ, ਪਰ ਫਿਰ ਵੀ ਵੱਡੀ ਗਿਣਤੀ ਅਜਿਹੀ ਰਹੀ ਜਿਨ੍ਹਾਂ ਕੋਲ ਮੋਬਾਈਲ ਨਾ ਹੋਣ ਕਾਰਨ ਪ੍ਰਸ਼ਨ ਪੱਤਰ ਨਹੀਂ ਪਹੁੰਚੇ। ਉਨ੍ਹਾਂ ਦੀ ਸੁਵਿਧਾ ਲਈ ਸਕੂਲ ਮੁਖੀਆਂ ਨੇ ਅਧਿਆਪਕਾਂ ਨੂੰ ਨਾਲ ਲੈ ਕੇ ਵਿਦਿਆਰਥੀਆਂ ਦੇ ਘਰਾਂ ਤੱਕ ਪਹੁੰਚ ਕੀਤੀ ਅਤੇ ਹਰ ਪ੍ਰਸ਼ਨ ਪੱਤਰ ਵਿਦਿਆਰਥੀਆਂ ਦੇ ਘਰਾਂ ਤੱਕ ਪੁੱਜਦਾ ਕੀਤਾ। ਹਰੇਕ ਸਕੂਲ ਅੰਦਰ ਵੀ ਅਧਿਆਪਕਾਂ ਦੀ ਡਿਊਟੀ ਲਗਾਈ ਗਈ ਕਿ ਜਿਹੜੇ ਮਾਪੇ ਜਾਂ ਵਿਦਿਆਰਥੀ ਸਕੂਲ ਤੋਂ ਪ੍ਰਸ਼ਨ ਪੱਤਰ ਲੈਣਾ ਚਾਹੁਣ ਲੈ ਸਕਦੇ ਹਨ। ਪ੍ਰਿੰਸੀਪਲ ਹੰਸ ਰਾਜ ਨੇ ਦੱਸਿਆ ਕਿ 6ਵੀਂ ਤੋਂ 12ਵੀਂ ਜਮਾਤ ਦੇ ਤਕਰੀਬਨ 75000 ਵਿਦਿਆਰਥੀ ਆਨਲਾਇਨ ਪ੍ਰੀਖਿਆ ‘ਚ ਸ਼ਾਮਲ ਹੋ ਰਹੇ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਤਰਲੋਚਨ ਸਿੰਘ ਸਿੱਧੂ ਸਮੇਤ ਸਮੂਹ ਸਕੂਲ ਮੁਖੀ ਅਤੇ ਅਧਿਆਪਕ ਅੱਜ ਪੂਰਾ ਦਿਨ ਸਰਗਰਮ ਰਹੇ ਤਾਂ ਜੋ ਆਨਲਾਈਨ ਪ੍ਰੀਖਿਆ ਦਾ ਮਿਸ਼ਨ 100 ਪ੍ਰਤੀਸ਼ਤ ਪੂਰਾ ਹੋ ਸਕੇ। ਬਹੁਤੇ ਵਿਦਿਆਰਥੀ ਖੇਤਾਂ ‘ਚ ਕੰਮ ਕਰ ਰਹੇ ਸਨ, ਪਰ ਅਧਿਆਪਕਾਂ ਦੇ ਜਜ਼ਬੇ ਨੂੰ ਸਲਾਮ ਕਰਨਾ ਬਣਦਾ ਹੈ ਕਿਉਂਕਿ ਉਹ ਘਰਾਂ ਤੋਂ ਖੇਤਾਂ ਤੱਕ ਪਹੁੰਚ ਗਏ। ਪ੍ਰਿੰਸੀਪਲ ਹੰਸ ਰਾਜ ਨੇ ਦੱਸਿਆ ਕਿ ਉਹ 10-12 ਪਿੰਡਾਂ ਅੰਦਰ ਗਏ ਅਤੇ ਜਿੱਥੇ ਕਿਤੇ ਵੀ ਪ੍ਰਸ਼ਨ ਪੱਤਰਾਂ ਦੀ ਸਮੱਸਿਆ ਆਈ ਉਹ ਨੇੜਲੇ ਸਕੂਲ ਤੋਂ ਪੂਰੀ ਕਰਵਾਈ ਗਈ। ਪਿੰਡ ਪੱਧਰ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਆਨਲਾਈਨ ਪ੍ਰੀਖਿਆ ਲਈ ਕੁਝ ਦਿਨ ਪਹਿਲਾਂ ਤੋਂ ਹੀ ਗੁਰਦੁਆਰਿਆਂ ਤੋਂ ਅਨਾਊਸਮੈਂਟ ਕਰਵਾਈ ਜਾ ਰਹੀ ਹੈ। ਬੱਚਿਆਂ ਦੇ ਮਾਪਿਆਂ ਨੂੰ ਪ੍ਰੀਖਿਆ ਸਬੰਧੀ ਪਤਾ ਸੀ। 6ਵੀਂ, 7ਵੀਂ ਪੱਧਰ ਦੇ ਕੁਝ ਵਿਦਿਆਰਥੀ ਘਬਰਾਹਟ ‘ਚ ਸਨ, ਪਰ ਸਕੂਲਾਂ ਦੇ ਅਧਿਆਪਕਾਂ ਨੇ ਉਨ੍ਹਾਂ ਦਾ ਵਟਸਐਪ ਰਾਹੀਂ ਹੌਸਲਾ ਵਧਾਇਆ।