ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 22 ਮਾਰਚ
ਪਾਕਿਸਤਾਨ ਤੇ ਅਫ਼ਗਾਨਿਸਤਾਨ ਤੋਂ ਅਟਾਰੀ ਸੜਕ ਮਾਰਗ ਰਾਹੀਂ ਇੱਥੇ ਇੰਟੀਗ੍ਰੇਟਿਡ ਚੈੱਕ ਪੋਸਟ (ਆਈਸੀਪੀ) ਵਿੱਚ ਆਉਣ ਵਾਲੇ ਮਾਲ ਦੀ ਜਾਂਚ ਲਈ ਸਥਾਪਤ ਕੀਤਾ ‘ਫੁੱਲ ਬਾਡੀ ਟਰੱਕ ਸਕੈਨਰ’ ਇਸ ਵੇਲੇ ਸਹੀ ਕੰਮ ਨਹੀਂ ਕਰ ਰਿਹਾ, ਜਿਸ ਕਾਰਨ ਜਾਂਚ ਦੇ ਸਹੀ ਨਤੀਜੇ ਵੀ ਨਹੀਂ ਮਿਲ ਰਹੇ ਹਨ।
ਪ੍ਰਾਪਤ ਜਾਣਕਾਰੀ ਮੁਤਾਬਕ ਇਸ ਸਕੈਨਰ ਅਤੇ ਐਕਸਰੇਅ ਉਪਕਰਨਾਂ ਲਈ ਸਾਫ਼ਟਵੇਅਰ ਅੱਪਗਰੇਡ ਕਰਨ ਦੀ ਲੋੜ ਹੈ। ਇਸ ਦੀ ਤਕਨੀਕੀ ਖਾਮੀ ਕਾਰਨ ਇਹ ਸਕੈਨਰ ਮਾਲ ਨਾਲ ਲੱਦੇ ਆਏ ਟਰੱਕਾਂ ’ਚੋਂ ਪਾਬੰਦੀਸ਼ੁਦਾ ਵਸਤਾਂ (ਨਸ਼ੀਲੇ ਪਦਾਰਥ, ਹਥਿਆਰ ਆਦਿ) ਦਾ ਪਤਾ ਲਾਉਣ ਵਿਚ ਅਸਫਲ ਹੈ। ਇੱਥੇ ਹੁਣ ਪੁਰਾਣੀ ਜਾਂਚ ਤਕਨੀਕ ਤਹਿਤ ਕਰਮਚਾਰੀਆਂ ਵੱਲੋਂ ਹੀ ਮਾਲ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤਕਨੀਕ ਨਾਲ ਟਰੱਕ ਦੀ ਪੂਰੀ ਤਰ੍ਹਾਂ ਜਾਂਚ ਕਰਨੀ ਮੁਸ਼ਕਲ ਹੁੰਦੀ ਹੈ। ਆਈਸੀਪੀ ਵਿੱਚ ਪ੍ਰਬੰਧ ਦੇਖ ਰਹੀ ਲੈਂਡ ਪੋਰਟ ਅਥਾਰਿਟੀ ਆਫ ਇੰਡੀਆ ਦੇ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਵੇਲੇ ਟਰੱਕ ਸਕੈਨਰ ਦੀ ਵਰਤੋਂ ਨਹੀਂ ਹੋ ਰਹੀ। ਇਸ ਵਿੱਚ ਸਾਫਟਵੇਅਰ ਅੱਪਗਰੇਡ ਕਰਨ ਦੀ ਲੋੜ ਹੈ। ਫੁੱਲ ਬਾਡੀ ਟਰੱਕ ਸਕੈਨਰ ਨਕਾਰਾ ਕੀਤੇ ਜਾਣ ਦੀਆਂ ਖ਼ਬਰਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਸਭ ਅਫ਼ਵਾਹਾਂ ਹਨ। ਸਕੈਨਰ ਵਿਚ ਤਕਨੀਕੀ ਖਾਮੀ ਹੈ। ਸਾਫਟਵੇਅਰ ਅੱਪਗਰੇਡ ਕਰ ਕੇ ਇਹ ਖਾਮੀ ਦੂਰ ਹੋ ਜਾਵੇਗੀ। ਇਸ ਬਾਰੇ ਕੋਈ ਵੀ ਫ਼ੈਸਲਾ ਐਟੌਮਿਕ ਐਨਰਜੀ ਰੈਗੂਲੇਟਰੀ ਬੋਰਡ ਵੱਲੋਂ ਹੀ ਲਿਆ ਜਾਣਾ ਹੈ। ਫਿਲਹਾਲ ਇਸ ਸਬੰਧੀ ਅਜਿਹਾ ਕੋਈ ਆਦੇਸ਼ ਜਾਂ ਸੂਚਨਾ ਨਹੀਂ ਆਈ।
ਜ਼ਿਕਰਯੋਗ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਦੁਵੱਲਾ ਵਪਾਰ ਪੂਰੀ ਤਰ੍ਹਾਂ ਬੰਦ ਹੈ ਪਰ ਅਫਗਾਨਿਸਤਾਨ ਤੋਂ ਭਾਰਤ ਵਿਚ ਮਾਲ ਆ ਰਿਹਾ ਹੈ, ਜਿਸ ਵਿਚ ਸੁੱਕਾ ਮੇਵਾ, ਮਸਾਲੇ ਅਤੇ ਹੋਰ ਵਸਤਾਂ ਸ਼ਾਮਲ ਹਨ। ਰੋਜ਼ਾਨਾ ਹੀ ਮਾਲ ਨਾਲ ਲੱਦੇ 25 ਤੋਂ 30 ਟਰੱਕ ਇੱਥੇ ਆਈਸੀਪੀ ਵਿੱਚ ਪੁੱਜ ਰਹੇ ਹਨ। ਪਤਾ ਲੱਗਾ ਹੈ ਕਿ ਕਸਟਮ ਵਿਭਾਗ ਨੇ ਟਰੱਕ ਸਕੈਨਰ ਦੀ ਵਰਤੋਂ ਰੋਕੇ ਜਾਣ ’ਤੇ ਲੈਂਡ ਪੋਰਟ ਅਥਾਰਟੀ ਨਾਲ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ ਗਿਆ ਹੈ ਅਤੇ ਉਨ੍ਹਾਂ ਜਾਂਚ ਲਈ ਕੋਈ ਭਰੋਸੇਯੋਗ ਪ੍ਰਣਾਲੀ ਅਪਣਾਉਣ ਲਈ ਕਿਹਾ ਹੈ। ਫਿਲਹਾਲ ਕਸਟਮ ਵਿਭਾਗ ਵਲੋਂ ਅਫਗਾਨਿਸਤਾਨ ਤੋਂ ਆ ਰਹੇ ਮਾਲ ਦੀ ਜਾਂਚ ਲਈ ਖੋਜੀ ਕੁੱਤਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ।
23 ਕਰੋੜ ਦੀ ਲਾਗਤ ਨਾਲ ਸਥਾਪਤ ਕੀਤਾ ਗਿਆ ਸੀ ਸਕੈਨਰ
ਅਟਾਰੀ ਆਈਸੀਪੀ ਵਿੱਚ ਇਹ ‘ਫੁੱਲ ਬਾਡੀ ਟਰੱਕ ਸਕੈਨਰ’ ਲਗਪਗ 23 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤਾ ਗਿਆ ਸੀ। ਇਸ ਸਕੈਨਰ ਨਾਲ ਟਰੱਕ ਵਿੱਚ ਲੱਦੇ ਮਾਲ ਦੀ ਮੁਕੰਮਲ ਤੌਰ ’ਤੇ ਜਾਂਚ ਕੀਤੀ ਜਾ ਸਕਦੀ ਹੈ। ਰੇਡੀਏਸ਼ਨ ਵਿਧੀ ਨਾਲ ਕੰਮ ਕਰਦੇ ਇਸ ਸਕੈਨਰ ਰਾਹੀਂ ਮਾਲ ਵਿਚ ਲੁਕਾਏ ਹਥਿਆਰ ਤੇ ਹੋਰ ਵਿਸਫੋਟਕ ਸਮੱਗਰੀ ਦਾ ਪਤਾ ਲੱਗ ਜਾਂਦਾ ਹੈ। ਅਧਿਕਾਰੀਆਂ ਦੇ ਦਾਅਵੇ ਮੁਤਾਬਕ ਇਹ ਸਕੈਨਰ ਨਸ਼ੀਲੇ ਪਦਾਰਥ ਅਤੇ ਜਾਅਲੀ ਕਰੰਸੀ ਦਾ ਵੀ ਪਤਾ ਲਾ ਸਕਦਾ ਹੈ।