ਖੇਤਰੀ ਪ੍ਰਤੀਨਿਧ
ਪਟਿਆਲਾ, 6 ਜੂਨ
ਪੰਜਾਬ ਸਰਕਾਰ ਵੱਲੋਂ ਬੰਦ ਕੀਤੀਆਂ ਗਈਆਂ ਅਣਅਧਿਕਾਰਤ ਕਲੋਨੀਆਂ ਦੀਆਂ ਰਜਿਸਟਰੀਆਂ ਸਬੰਧੀ ਜਾਰੀ ਰੇੜਕੇ ਦੌਰਾਨ ਮੁਅੱਤਲ ਕੀਤੇ ਗਏ ਦੋ ਤਹਿਸੀਲਦਾਰਾਂ ਅਤੇ ਇੱਕ ਨਾਇਬ ਤਹਿਸੀਲਦਾਰ ਦੀ ਬਹਾਲੀ ਨੂੰ ਲੈ ਕੇ ਪੰਜਾਬ ਭਰ ਦੇ ਤਹਿਸੀਲਦਾਰਾਂ ਅਤੇ ਸਰਕਾਰ ਦਾ ਪੇਚ ਅਜੇ ਵੀ ਫਸਿਆ ਹੋਇਆ ਹੈ। ਆਪਣੇ ਇਨ੍ਹਾਂ ਤਿੰਨ ਸਾਥੀਆਂ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਇੱਕ ਜੂਨ ਤੋਂ ਸਮੂਹਿਕ ਛੁੱਟੀ ’ਤੇ ਚੱਲ ਰਹੇ ਪੰਜਾਬ ਭਰ ਦੇ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੇ ਆਪਣੀ ਇਹ ਸਮੂਹਿਕ ਛੁੱਟੀ ਹੁਣ 8 ਜੂਨ ਤੱਕ ਹੋਰ ਵਧਾ ਦਿੱਤੀ ਹੈ। ‘ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ’ ਦੇ ਸੂਬਾਈ ਜਨਰਲ ਸਕੱਤਰ ਸੁਖਚਰਨ ਸਿੰਘ ਚੰਨੀ ਨੇ ਸਮੂਹਿਕ ਛੁੱਟੀ 8 ਜੂਨ ਤੱਕ ਵਧਾਏ ਜਾਣ ਦੀ ਪੁਸ਼ਟੀ ਕੀਤੀ ਹੈ। ਜਥੇਬੰਦੀ ਦੇ ਨੁਮਾਇੰਦੇ ਸਰਬਜੀਤ ਸਿੰਘ ਧਾਲੀਵਾਲ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ।