ਹਰਜੀਤ ਸਿੰਘ
ਜ਼ੀਰਕਪੁਰ, 17 ਜੂਨ
ਇਥੇ ਪਾਵਰਕੌਮ ਨੇ 48 ਘੰਟੇ ਬਾਅਦ ਆਰਜ਼ੀ ਤੌਰ ’ਤੇ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਹੈ ਪਰ ਹਾਲੇ ਵੀ ਅੱਧੇ ਸ਼ਹਿਰ ਦੀ ਬਿਜਲੀ ਬੰਦ ਹੈ। ਇਥੇ ਪੱਕੀ ਬਿਜਲੀ ਸਪਲਾਈ ਬਹਾਲ ਕਰਨ ਵਿੱਚ ਕੁਝ ਹੋਰ ਦਿਨ ਲੱਗਣਗੇ। ਬਿਜਲੀ ਨਾ ਹੋਣ ਕਾਰਨ ਟਰੈਫਿਕ ਲਾਈਟਾਂ ’ਤੇ ਦੇਰ ਰਾਤ ਤਕ ਜਾਮ ਲੱਗਿਆ ਰਿਹਾ ਤੇ ਵਾਹਨ ਚਾਲਕ ਖਾਸਾ ਪ੍ਰੇਸ਼ਾਨ ਹੋਏ। ਪਿਛਲੇ ਦੋ ਦਿਨ ਤੋਂ ਸ਼ਹਿਰ ਵਾਸੀ ਬਿਜਲੀ ਅਤੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ ਜਿਸ ਦੌਰਾਨ ਪੰਜਾਬ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਲੋਕਾਂ ਦੀ ਸਾਰ ਨਹੀਂ ਲਈ। ਅੱਜ ਸਮੱਸਿਆ ਦਾ ਹੱਲ ਹੋਣ ਮਗਰੋਂ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਮੌਕੇ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਇਸ ਲਾਪ੍ਰਵਾਹੀ ਲਈ ਕਿਸੇ ਵੀ ਅਧਿਕਾਰੀ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਅਤੇ ਨਾ ਹੀ ਕੋਈ ਜਾਂਚ ਕਰਨ ਦਾ ਭਰੋਸਾ ਦਿੱਤਾ ਜਦਕਿ ਪਿੰਡ ਵਾਸੀਆਂ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਉਹ ਬੀਤੇ ਤਿੰਨ ਸਾਲਾਂ ਤੋਂ ਪਾਵਰਕੌਮ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਰਹੇ ਸਨ ਕਿ ਖੇਤਾਂ ਵਿੱਚ ਬਿਜਲੀ ਦੇ ਪੋਲਾਂ ਨੂੰ ਜੰਗ ਲੱਗ ਗਿਆ ਹੈ ਤੇ ਇਹ ਕਿਸੇ ਵੇਲੇ ਵੀ ਡਿੱਗ ਸਕਦੇ ਹਨ ਪਰ ਇਸ ਮਾਮਲੇ ਬਾਰੇ ਮੰਤਰੀ ਕੁਝ ਨਹੀਂ ਬੋਲੇ। ਦੂਜੇ ਪਾਸੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਦੋ ਦਿਨਾਂ ਤੋਂ ਬਿਜਲੀ ਪਾਣੀ ਤੋਂ ਤਰਸ ਰਹੇ ਲੋਕਾਂ ਦੀ ਸਾਰ ਲੈਣ ਦੀ ਜ਼ਰੂਰਤ ਨਹੀਂ ਸਮਝੀ। ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਬਿਜਲੀ ਸਪਲਾਈ ਕਰਨ ਵਾਲੇ ਮੇਨ ਲਾਈਨ ਦੇ ਤਿੰਨ ਟਾਵਰ ਡਿੱਗਣ ਕਾਰਨ ਬੁੱਧਵਾਰ ਸ਼ਾਮ ਸੱਤ ਵਜੇ ਤੋਂ ਭਬਾਤ ਗਰਿੱਡ ਖੇਤਰ ਦੀ ਬਿਜਲੀ ਬੰਦ ਪਈ ਹੈ। ਬਿਜਲੀ ਤੋਂ ਇਲਾਵਾ ਸ਼ਹਿਰ ਵਿੱਚ ਪਾਣੀ ਦੀ ਵੱਡੀ ਕਿੱਲਤ ਪੈਦਾ ਹੋ ਗਈ ਹੈ। ਹਰੇਕ ਪਾਸੇ ਬਿਜਲੀ ਅਤੇ ਪਾਣੀ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ। ਸ਼ਹਿਰ ਦੀਆਂ ਵੱਖ-ਵੱਖ ਸੁਸਾਇਟੀਆਂ ਦੇ ਵਸਨੀਕ ਆਪਣੇ ਪੱਧਰ ’ਤੇ ਨਿੱਜੀ ਵਿੱਤੀ ਖਰਚ ਕੇ ਤਕਰੀਬਨ ਛੇ ਹਜ਼ਾਰ ਰੁਪਏ ਪ੍ਰਤੀ ਦਿਨ ਕਿਰਾਏ ’ਤੇ ਜਨਰੇਟਰ ਲਿਆ ਕੇ ਪਾਣੀ ਦੀ ਪੂਰਤੀ ਕਰ ਰਹੇ ਹਨ। ਲੋਹਗੜ੍ਹ ਦੇ ਵੱਡੀ ਗਿਣਤੀ ਲੋਕ ਸਰਵ ਮੰਗਲ ਸੁਸਾਇਟੀ ਤੋਂ ਪਾਣੀ ਲੈ ਕੇ ਆਪਣਾ ਗੁਜ਼ਾਰਾ ਕਰ ਰਹੇ ਹਨ, ਜਦਕਿ ਸ਼ਹਿਰ ਦੀਆਂ ਹੋਰ ਸੁਸਾਇਟੀਆਂ ਦਾ ਵੀ ਇਹੀ ਹਾਲ ਹੈ। ਜ਼ਿਆਦਾਤਰ ਲੋਕ ਸ਼ਹਿਰ ਤੋਂ ਦੂਰ ਆਪਣੀਆਂ ਰਿਸ਼ਤੇਦਾਰੀਆਂ ਵਿੱਚ ਚਲੇ ਗਏ ਹਨ। ਡੇਰਾਬੱਸੀ ਦੇ ਐੱਸਡੀਐੱਮ ਨੇ ਕਿਹਾ ਕਿ ਜੰਗੀ ਪੱਧਰ ’ਤੇ ਕੰਮ ਕਰਨ ਮਗਰੋਂ ਅੱਜ ਸਪਲਾਈ ਚਾਲੂ ਕਰ ਦਿੱਤੀ ਜਾਏਗੀ। ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਚੋਣ ਪ੍ਰਚਾਰ ਲਈ ਸੰਗਰੂਰ ਆਏ ਹੋਏ ਹਨ, ਬੀਤੀ ਰਾਤ ਉਹ ਬੜੀ ਪਿੰਡ ’ਚ ਪਾਵਰਕੌਮ ਦੇ ਅਧਿਕਾਰੀਆਂ ਨਾਲ ਲੋੜੀਂਦੇ ਪ੍ਰਬੰਧ ਕਰਵਾ ਕੇ ਅੱਜ ਸੰਗਰੂਰ ਪਰਤੇ ਹਨ।