ਆਦਮਪੁਰ ਦੋਆਬਾ (ਪੱਤਰ ਪ੍ਰੇਰਕ): ਸਥਾਨਕ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲੀਸ ਵੱਲੋਂ ਅੱਜ ਹਥਿਆਰਾਂ ਦੀ ਖਰੀਦ ਦੇ ਦੇਸ਼ ਹੇਠ ਲਾਰੈਂਸ ਬਿਸ਼ਨੋਈ ਨੂੰ ਸੈਸ਼ਨ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਮਗਰੋਂ ਅਦਾਲਤ ਨੇ ਉਸ ਦਾ ਦਸ ਰੋਜ਼ਾ ਪੁਲੀਸ ਰਿਮਾਂਡ ਦੇ ਦਿੱਤਾ। ਥਾਣਾ ਮੁਖੀ ਨਿਰਮਲ ਸਿੰਘ ਨੇ ਦੱਸਿਆ ਕਿ ਦੀਪਕ ਕੁਮਾਰ ਦੀਪੂ ਕੋਲੋਂ 17 ਮਈ ਨੂੰ ਇੱਕ ਕਿਲੋ ਨਸ਼ੀਲਾ ਪਦਾਰਥ ਅਤੇ ਇੱਕ ਨਾਜਾਇਜ਼ ਰਿਵਾਲਰ ਬਰਾਮਦ ਕੀਤਾ ਸੀ। ਪੁੱਛ-ਪੜਤਾਲ ਦੌਰਾਨ ਦੀਪਕ ਕੁਮਾਰ ਨੇ ਇਹ ਦੱਸਿਆ ਸੀ ਕਿ ਇਹ ਰਿਵਾਲਰ ਉਸ ਨੂੰ ਲਾਰੈਂਸ ਬਿਸ਼ਨੋਈ ਨੇ ਦਿੱਤਾ ਹੈ। ਇਸ ਮਗਰੋਂ ਸਥਾਨਕ ਪੁਲੀਸ ਲਾਰੈਂਸ ਬਿਸ਼ਨੋਈ ਨੂੰ ਟਰਾਂਜ਼ਿਟ ਰਿਮਾਂਡ ’ਤੇ ਲੈ ਆਈ ਹੈ। ਹੁਣ ਅਦਾਲਤ ਵੱਲੋਂ ਮਨਜ਼ੂਰ ਕੀਤੇ ਗਏ ਰਿਮਾਂਡ ਦੌਰਾਨ ਪੁਲੀਸ ਵੱਲੋਂ ਲਾਰੈਂਸ ਕੋਲੋਂ ਦੀਪਕ ਕੁਮਾਰ ਨੂੰ ਦਿੱਤੇ ਹਥਿਆਰਾਂ ਬਾਰੇ ਪੁੱਛ ਪੜਤਾਲ ਕੀਤੀ ਜਾਵੇਗੀ।