ਗਗਨਦੀਪ ਅਰੋੜਾ
ਲੁਧਿਆਣਾ, 21 ਅਗਸਤ
ਵਿਜੀਲੈਂਸ ਵੱਲੋਂ ਦਾਣਾ ਮੰਡੀ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ’ਚ ਨਾਮਜ਼ਦ ਕੀਤਾ ਗਿਆ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਪੀਏ ਮੀਨੂੰ ਪੰਕਜ ਮਲਹੋਤਰਾ ਹਾਲੇ ਵੀ ਫਰਾਰ ਹੈ। ਪੁਲੀਸ ਵਲੋਂ ਪੰਕਜ ਦੀ ਗ੍ਰਿਫ਼ਤਾਰੀ ਲਈ ਕਈ ਥਾਵਾਂ ’ਤੇ ਛਾਪੇ ਮਾਰੇ ਗਏ ਪਰ ਉਸ ਦਾ ਕੁਝ ਪਤਾ ਨਹੀਂ ਲੱਗਿਆ। ਵਿਜੀਲੈਂਸ ਟੀਮ ਨੇ ਪੰਕਜ ਦੇ ਨਜ਼ਦੀਕੀ ਸਾਥੀਆਂ ਤੇ ਰਿਸ਼ਤੇਦਾਰਾਂ ਦੀ ਸੂਚੀ ਤਿਆਰ ਕਰ ਲਈ ਹੈ। ਸੂਤਰ ਦੱਸਦੇ ਹਨ ਕਿ ਪੰਕਜ ਦੀ ਗ੍ਰਿਫ਼ਤਾਰੀ ਲਈ ਦਬਾਅ ਬਣਾਉਣ ਲਈ ਵਿਜੀਲੈਂਸ ਨੇ ਉਸ ਦੇ ਪਿਤਾ ਤੇ ਪਰਿਵਾਰ ਨੂੰ ਵੀ ਹਿਰਾਸਤ ’ਚ ਲੈ ਲਿਆ ਹੈ ਤੇ ਉਨ੍ਹਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤਾਂ ਕਿ ਪੰਕਜ ਆਤਮ ਸਮਰਪਣ ਕਰ ਦੇਵੇ। ਉਧਰ, ਵਿਜੀਲੈਂਸ ਦੀ ਟੀਮ ਇਸ ਮਾਮਲੇ ’ਚ ਪਹਿਲਾਂ ਤੋਂ ਗ੍ਰਿਫ਼ਤਾਰ ਠੇਕੇਦਾਰ ਤੇਲੂ ਰਾਮ ਤੋਂ ਪੁੱਛ ਪੜਤਾਲ ਕਰ ਰਹੀ ਹੈ। ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਤੇਲੂ ਰਾਮ ਤੋਂ ਪੁੱਛ ਪੜਤਾਲ ਦੌਰਾਨ ਨਵਾਂ ਸ਼ਹਿਰ, ਜਲੰਧਰ ਤੇ ਲੁਧਿਆਣਾ ਦੇ ਕਈ ਕਾਂਗਰਸੀਆਂ ਦੇ ਨਾਂ ਸਾਹਮਣੇ ਆਏ ਹਨ ਜਿਸ ਦੀ ਉਨ੍ਹਾਂ ਨੂੰ ਭਿਣਕ ਲੱਗ ਚੁੱਕੀ ਹੈ। ਵਿਜੀਲੈਂਸ ਵੱਲੋਂ ਬੁਲਾਏ ਜਾਣ ਦੇ ਡਰੋਂ ਕਈ ਕਾਂਗਰਸੀ ਪਹਿਲਾਂ ਹੀ ਸ਼ਹਿਰ ਛੱਡ ਕੇ ਰਫ਼ੂਚੱਕਰ ਹੋ ਚੁੱਕੇ ਹਨ।
ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀਏ ਮੀਨੂੰ ਪੰਕਜ ਮਲਹੋਤਰਾ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਸਨਅਤੀ ਸ਼ਹਿਰ ਦੇ ਕਾਂਗਰਸੀ ਚੁੱਪ ਹਨ। ਆਸ਼ੂ ਖੇਮਾ ਤਾਂ ਬਿਲਕੁਲ ਚੁੱਪ ਕਰਕੇ ਹੀ ਬੈਠ ਗਿਆ ਹੈ। ਇਸ ਵੇਲੇ ਸਿਰਫ਼ ਮੇਅਰ ਬਲਕਾਰ ਸੰਧੂ ਹੀ ਲੋਕਾਂ ਜਾਂ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਹਨ।
ਆਸ਼ੂ ਖੇਮੇ ਦਾ ਕੋਈ ਵੀ ਕੌਂਸਲਰ ਅਤੇ ਉਨ੍ਹਾਂ ਦੀ ਪਤਨੀ ਮਮਤਾ ਆਸ਼ੂ ਕਈ ਦਿਨਾਂ ਤੋਂ ਨਜ਼ਰ ਨਹੀਂ ਆ ਰਹੇ। ਦੱਸਿਆ ਜਾ ਰਿਹਾ ਹੈ ਕਿ ਆਸ਼ੂ ਖੇਮੇ ਦੇ ਜ਼ਿਆਦਾਤਰ ਆਗੂ ਰੂਪੋਸ਼ ਹੋ ਗਏ ਹਨ।
ਠੇਕੇਦਾਰਾਂ ਵਲੋਂ ਕਾਂਗਰਸ ਦਫ਼ਤਰ ਘੇਰਨ ਦਾ ਐਲਾਨ
ਵਿਜੀਲੈਂਸ ਦੀ ਕਾਰਵਾਈ ਤੋਂ ਬਾਅਦ ਕਾਂਗਰਸ ਨੇ ਵਿਜੀਲੈਂਸ ਦਫ਼ਤਰ ਘੇਰਨ ਦੀ ਗੱਲ ਕੀਤੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸਾਬਕਾ ਮੰਤਰੀ ਆਸ਼ੂ ਦਾ ਸਮਰਥਨ ਕਰਨ ’ਤੇ ਦਾਣਾ ਮੰਡੀ ਦੇ ਮਜ਼ਦੂਰ ਤੇ ਠੇਕੇਦਾਰ ਭੜਕ ਗਏ ਹਨ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਦੇ ਵਤੀਰੇ ਖ਼ਿਲਾਫ਼ ਭਲਕੇ ਧਰਨਾ ਦੇਣਗੇ ਤੇ ਕਾਂਗਰਸ ਦਫ਼ਤਰ ਘੇਰਨਗੇ। ਠੇਕੇਦਾਰਾਂ ਨੇ ਕਿਹਾ ਕਿ ਰਾਜਾ ਵੜਿੰਗ ਜੇਕਰ ਵਿਜੀਲੈਂਸ ਜਾਂਚ ਨੂੰ ਪ੍ਰਭਾਵਿਤ ਕਰਨ ਲਈ ਵਿਜੀਲੈਂਸ ਦਾ ਦਫ਼ਤਰ ਘੇਰਨ ਆ ਰਹੇ ਹਨ ਤਾਂ ਉਹ ਵੀ ਹੁਣ ਕਾਂਗਰਸ ਖਿਲਾਫ਼ ਮੋਰਚਾ ਖੋਲ੍ਹ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵੱਲੋਂ ਕੀਤੀ ਜਾ ਕਾਰਵਾਈ ਨੂੰ ਰਾਜਾ ਵੜਿੰਗ ਰਾਜਸੀ ਬਦਲਾਖੋਰੀ ਵਰਗਾ ਰੂਪ ਦੇਣਾ ਚਾਹੁੰਦੇ ਹਨ ਪਰ ਉਹ ਆਪਣੇ ਬੱਚਿਆਂ ਸਣੇ ਵਿਜੀਲੈਂਸ ਦਫ਼ਤਰ ਬਾਹਰ ਕਾਂਗਰਸੀਆਂ ਖ਼ਿਲਾਫ਼ ਧਰਨਾ ਦੇਣਗੇ। ਠੇਕੇਦਾਰਾਂ ਨੇ ਕਿਹਾ ਕਿ ਸਾਬਕਾ ਮੰਤਰੀ ਆਸ਼ੂ ਸਮੇਂ ਪੰਜ ਹਜ਼ਾਰ ਛੋਟੇ ਠੇਕੇਦਾਰ ਬੇਰੁਜ਼ਗਾਰ ਹੋ ਗਏ ਸਨ। ਠੇਕੇਦਾਰ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ, ਰਾਜੂ ਭਾਦਸੋਂ, ਸਚਿਨ ਕੁਮਾਰ, ਮੇਹਰ ਚੰਦ, ਚਰਨਜੀਤ, ਕੇਵਲ, ਸ਼ੀਸ਼ ਪਾਲ ਤੇ ਰਾਜ ਕੁਮਾਰ ਨੇ ਕਿਹਾ ਕਿ ਉਹ ਇਨਸਾਫ ਲੈਣ ਲਈ ਸੰਘਰਸ਼ ਕਰਨਗੇ।