ਗਗਨਦੀਪ ਅਰੋੜਾ
ਲੁਧਿਆਣਾ, 13 ਸਤੰਬਰ
ਦਾਣਾ ਮੰਡੀ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ’ਚ ਫੂਡ ਸਪਲਾਈ ਵਿਭਾਗ ਦੇ ਤਿੰਨ ਕਲਰਕਾਂ ਤੋਂ ਅੱਜ ਵਿਜੀਲੈਂਸ ਨੇ ਲੁਧਿਆਣਾ ਦਫ਼ਤਰ ਵਿੱਚ ਪੁੱਛ ਪੜਤਾਲ ਕੀਤੀ। ਇਸ ਤੋਂ ਇਲਾਵਾ ਵਿਜੀਲੈਂਸ ਨੇ ਇਸ ਮਾਮਲੇ ਵਿੱਚ ਨਾਮਜ਼ਦ ਪੀਏ ਮੀਨੂੰ ਪੰਕਜ ਮਲਹੋਤਰਾ ਦੇ ਰਿਸ਼ਤੇਦਾਰ ਤੇ ਉਸ ਦੇ ਪਿਤਾ ਕੋਲੋਂ ਪ੍ਰਾਪਰਟੀ ਸਬੰਧੀ ਸਵਾਲ ਪੁੱਛੇ। ਸੂਤਰ ਦੱਸਦੇ ਹਨ ਕਿ ਵਿਜੀਲੈਂਸ ਨੇ ਕਲਰਕਾਂ ਕੋਲੋਂ ਪੁੱਛ-ਪੜਤਾਲ ਕੀਤੀ ਕਿ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਦਫ਼ਤਰ ਵਿੱਚ ਠੇਕੇਦਾਰ ਤੇਲੂ ਰਾਮ ਤੇ ਪੰਕਜ ਮਲਹੋਤਰਾ ਦਾ ਕਿੰਨਾ ਆਉਣਾ ਜਾਣਾ ਸੀ। ਇਸ ਤੋਂ ਇਲਾਵਾ ਉਨ੍ਹਾਂ ਦੇ ਕੰਮਕਾਜ ਬਾਰੇ ਵੀ ਸਵਾਲ ਜਵਾਬ ਕੀਤੇ ਗਏ। ਦੱਸਿਆ ਜਾ ਰਿਹਾ ਹੈ ਕਿ ਸਾਬਕਾ ਮੰਤਰੀ ਆਸ਼ੂ ਦੇ ਪੂਰੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਇਨ੍ਹਾਂ ਕਲਰਕਾਂ ਦੀ ਤੂਤੀ ਬੋਲਦੀ ਰਹੀ ਸੀ। ਸੂਤਰ ਦੱਸਦੇ ਹਨ ਕਿ ਵਿਜੀਲੈਂਸ ਨੂੰ ਸਬੂਤ ਮਿਲਿਆ ਸੀ ਕਿ ਮੀਨੂੰ ਪੰਕਜ ਮਲਹੋਤਰਾ ਆਪਣੇ ਚਾਚੇ ਦੇ ਮੁੰਡੇ ਰੋਬਿਨ ਮਲਹੋਤਰਾ ਰਾਹੀਂ ਪੈਸੇ ਨਿਵੇਸ਼ ਕਰਦਾ ਸੀ ਤੇ ਉਹ ਕਾਂਗਰਸੀ ਕੌਂਸਲਰ ਦਾ ਵੀ ਨਜ਼ਦੀਕੀ ਹੈ ਜਿਸ ਤੋਂ ਬਾਅਦ ਵਿਜੀਲੈਂਸ ਨੇ ਰੋਬਿਨ ਮਲਹੋਤਰਾ ਨੂੰ ਪੁੱਛਗਿਛ ਲਈ ਸੱਦਿਆ ਸੀ।
ਪੀਏ ਨੇ ਆਪਣੇ ਚਾਚੇ ਦੇ ਮੁੰਡੇ ਜ਼ਰੀਏ ਪੈਸੇ ਨਿਵੇਸ਼ ਕੀਤੇ
ਜਾਂਚ ਦੌਰਾਨ ਪਤਾ ਲੱਗਿਆ ਕਿ ਸਾਬਕਾ ਮੰਤਰੀ ਦੇ ਪੀਏ ਮੀਨੂੰ ਪੰਕਜ ਮਲਹੋਤਰਾ ਨੇ ਕਈ ਥਾਵਾਂ ’ਤੇ ਆਪਣੇ ਪੈਸੇ ਇਨਵੈਸਟ ਕੀਤੇ ਸਨ। ਰੌਬਿਨ ਰਾਹੀਂ ਹੀ ਉਸ ਨੇ ਪ੍ਰਾਪਰਟੀਆਂ ਖਰੀਦੀਆਂ ਤੇ ਉਹ ਗੁਦਾਮ ਵਿਚ ਵੀ ਹਿੱਸੇਦਾਰ ਹੈ। ਉਸ ਨੇ ਕਾਂਗਰਸੀ ਕੌਂਸਲਰ ਦੀ ਜ਼ਮੀਨ ’ਤੇ ਲਾਡੋਵਾਲ ਬਾਈਪਾਸ ਨਜ਼ਦੀਕੀ ਤੇ ਹੋਰ ਥਾਵਾਂ ’ਤੇ ਗੁਦਾਮ ਬਣਾਏ। ਐਸਐਸਪੀ ਵਿਜੀਲੈਂਸ ਰਾਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਸਿਰਫ ਮੀਨੂੰ ਪੰਕਜ ਮਲਹੋਤਰਾ ਦੇ ਪਿਤਾ ਨੂੰ ਪੁੱਛਗਿੱਛ ਲਈ ਸੱਦਿਆ ਗਿਆ ਸੀ ਜਿਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ।