ਜਸਵੰਤ ਜੱਸ/ਭਾਰਤ ਭੂਸ਼ਨ ਆਜ਼ਾਦ
ਫ਼ਰੀਦਕੋਟ/ਕੋਟਕਪੂਰਾ, 16 ਸਤੰਬਰ
ਭਾਰਤ ਭੂਸ਼ਨ ਆਸ਼ੂ ਦੇ ਮੰਤਰੀ ਹੁੰਦਿਆਂ ਹੋਏ ਟੈਂਡਰ ਘਪਲੇ ਦੀ ਜਾਂਚ ਲਗਾਤਾਰ ਅੱਗੇ ਵਧ ਰਹੀ ਹੈ। ਇਸ ਸਬੰਧੀ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਫ਼ਰੀਦਕੋਟ ਜ਼ਿਲ੍ਹੇ ਦੀਆਂ ਜੈਤੋ ਅਤੇ ਕੋਟਕਪੂਰਾ ਦੀਆਂ ਅਨਾਜ ਮੰਡੀਆਂ ਲਈ ਢੋਆ-ਢੁਆਈ ਸਬੰਧੀ ਟੈਂਡਰ ਮਨਜ਼ੂਰ ਕਰਨ ਤੇ ਇਸ ਅਮਲ ’ਚ ਬੇਨਿਯਮੀਆਂ ਦੇ ਦੋਸ਼ ਹੇਠ ਦੋਵੇਂ ਮੰਡੀਆਂ ਦੇ ਪੰਜ ਠੇਕੇਦਾਰਾਂ ਸਮੇਤ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਤੇ ਸਬੰਧਤ ਖਰੀਦ ਏਜੰਸੀਆਂ ਦੇ ਕਰਮਚਾਰੀਆਂ ਵਿਰੁੱਧ ਕੇਸ ਦਰਜ ਕੀਤਾ ਹੈ।ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਸ਼ਿਕਾਇਤ ਮਿਲੀ ਸੀ, ਜਿਸ ਦੇ ਆਧਾਰ ’ਤੇ ਕੀਤੀ ਗਈ ਪੜਤਾਲ ਮਗਰੋਂ ਠੇਕੇਦਾਰ ਰਿਸ਼ੂ ਮਿੱਤਲ, ਠੇਕੇਦਾਰ ਪਵਨ ਕੁਮਾਰ, ਠੇਕੇਦਾਰ ਵਿਸ਼ੂ ਮਿੱਤਲ, ਠੇਕੇਦਾਰ ਪ੍ਰੇਮ ਚੰਦ ਤੇ ਠੇਕੇਦਾਰ ਯੋਗੇਸ਼ ਗੁਪਤਾ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਥਾਣਾ ਵਿਜੀਲੈਂਸ ਬਿਊਰੋ ਰੇਂਜ ਫ਼ਿਰੋਜ਼ਪੁਰ ਵਿੱਚ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਉਕਤ ਠੇਕੇਦਾਰਾਂ ਵੱਲੋਂ ਸਾਲ 2019-20 ਵਿੱਚ ਭਰੇ ਗਏ ਟੈਂਡਰਾਂ ਨਾਲ ਨੱਥੀ ਕੀਤੀਆਂ ਟਰੱਕਾਂ ਦੀਆਂ ਸੂਚੀਆਂ ਵਿੱਚ ਗ਼ਲਤ ਰਜਿਸ਼ਟਰੇਸ਼ਨ ਨੰਬਰ ਦਿੱਤੇ ਹੋਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੇਨਿਯਮੀਆਂ ਦੇ ਆਧਾਰ ’ਤੇ ਵਿਭਾਗ ਦੀ ਜ਼ਿਲ੍ਹਾ ਟੈਂਡਰ ਕਮੇਟੀ ਨੂੰ ਉਕਤ ਬੋਲੀ ਖਾਰਜ ਕਰਨੀ ਚਾਹੀਦੀ ਸੀ, ਜੋ ਨਹੀਂ ਕੀਤੀ ਗਈ। ਇਸ ਕਰਕੇ ਇਸ ਮਾਮਲੇ ਵਿੱਚ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਦੀ ਠੇਕੇਦਾਰਾਂ ਨਾਲ ਮਿਲੀਭੁਗਤ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਉਕਤ ਠੇਕੇਦਾਰਾਂ ਵੱਲੋਂ ਅਨਾਜ ਦੀ ਢੋਆ-ਢੁਆਈ ਵੇਲੇ ਖਰੀਦ ਏਜੰਸੀਆਂ ਵੱਲੋਂ ਕੱਟੇ ਗਏ ਗੇਟ ਪਾਸਾਂ ਵਿੱਚ ਦਰਜ ਵਾਹਨਾਂ ਦੇ ਰਜਿਸਟਰੇਸ਼ਨ ਨੰਬਰ ਮੋਟਰਸਾਈਕਲਾਂ ਤੇ ਮਿਨੀ ਬੱਸਾਂ ਦੇ ਹਨ। ਇਹ ਵੀ ਸੰਭਾਵਨਾ ਜਤਾਈ ਗਈ ਹੈ ਕਿ ਢੋਆ-ਢੁਆਈ ਦੌਰਾਨ ਅਨਾਜ ਦਾ ਗਬਨ ਵੀ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਖਰੀਦ ਏਜੰਸੀਆਂ ਦੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਇਨ੍ਹਾਂ ਗੇਟ ਪਾਸਾਂ ਦੀ ਜਾਂਚ ਕੀਤੇ ਬਿਨਾਂ ਹੀ ਠੇਕੇਦਾਰਾਂ ਨੂੰ ਅਦਾਇਗੀ ਕਰ ਦਿੱਤੀ ਗਈ ਹੈ।