ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 7 ਸਤੰਬਰ
ਦਾਣਾ ਮੰਡੀ ਟਰਾਂਸਪੋਟੇਸ਼ਨ ਟੈਂਡਰ ਘੁਟਾਲੇ ਵਿੱਚ ਨਾਮਜ਼ਦ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀਏ ਮੀਨੂੰ ਪੰਕਜ ਮਲਹੋਤਰਾ ਦੇ ਘਰ ਅੱਜ ਵਿਜੀਲੈਂਸ ਨੇ ਛਾਪਾ ਮਾਰਿਆ ਤੇ ਉਸ ਦੀਆਂ ਪ੍ਰਾਪਰਟੀਆਂ ਦੀ ਪੈਮਾਇਸ਼ ਕੀਤੀ ਹੈ। ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੀ ਵਿਜੀਲੈਂਸ ਦੀ ਟੀਮ ਦੇ ਨਾਲ ਇੱਕ ਇੰਜਨੀਅਰਾਂ ਦੀ ਟੀਮ ਵੀ ਆਈ ਸੀ, ਜੋ ਜਾਇਦਾਦਾਂ ਦੀ ਪੈਮਾਇਸ਼ ਮਗਰੋਂ ਅਸਲ ਕੀਮਤ ਦਾ ਪਤਾ ਲਾਵੇਗੀ। ਇਸ ਮੌਕੇ ਮੀਨੂੰ ਪੰਕਜ ਮਲਹੋਤਰਾ ਦੇ ਪਿਤਾ ਵੀ ਵਿਜੀਲੈਂਸ ਦੀ ਟੀਮ ਨਾਲ ਮੌਜੂਦ ਸਨ। ਗ਼ੌਰਤਲਬ ਹੈ ਕਿ ਵਿਜੀਲੈਂਸ ਦੀ ਟੀਮ ਵੱਲੋਂ ਮੀਨੂੰ ਪੰਕਜ ਮਲਹੋਤਰਾ ਨਾਲ ਸਬੰਧਤ ਛੇ ਜਾਇਦਾਦਾਂ ਦੀ ਇੱਕ ਸੂਚੀ ਤਿਆਰ ਕੀਤੀ ਗਈ ਸੀ, ਜਿਨ੍ਹਾਂ ਦੀ ਅਸਲ ਕੀਮਤ ਬਾਰੇ ਜਾਣਕਾਰੀ ਹਾਸਲ ਕਰਨ ਲਈ ਅੱਜ ਜਾਂਚ ਟੀਮਾਂ ਨੇ ਇਲਾਕੇ ਵਿੱਚ ਕਈ ਥਾਈਂ ਪੁੱਛ-ਪੜਤਾਲ ਕੀਤੀ ਹੈ। ਵਿਜੀਲੈਂਸ ਦੀ ਟੀਮ ਨੇ ਅੱਜ ਸ਼ਾਮ ਜਵਾਹਰ ਨਗਰ ਕੈਂਪ ਤੇ ਕੋਚਰ ਮਾਰਕੀਟ ਇਲਾਕੇ ਵਿੱਚ ਪੁੱਛ ਪੜਤਾਲ ਕੀਤੀ ਹੈ। ਹਾਲਾਂਕਿ ਇਸ ਦੌਰਾਨ ਇਹ ਵੀ ਰੌਲਾ ਪਿਆ ਕਿ ਵਿਜੀਲੈਂਸ ਦੀ ਟੀਮ ਮੀਨੂੰ ਪੰਕਜ ਮਲਹੋਤਰਾ ਨੂੰ ਫੜਨ ਲਈ ਛਾਪਾਮਾਰੀ ਕਰ ਰਹੀ ਹੈ। ਇਸ ਮੌਕੇ ਇੰਜਨੀਅਰ ਨੂੰ ਨਾਲ ਲੈ ਕੇ ਵਿਜੀਲੈਂਸ ਦੀ ਟੀਮ ਨੇ ਪ੍ਰਾਪਰਟੀਆਂ ਦੀਆਂ ਕੀਮਤਾਂ ਜਾਂਚੀਆਂ। ਇਸ ਮੌਕੇ ਪਲਾਟ ਦੀ ਕੀਮਤ, ਉਸ ’ਤੇ ਹੋਇਆ ਖ਼ਰਚ, ਉਸਾਰੀ ਕਦੋਂ ਹੋਈ, ਆਦਿ ਨੁਕਤਿਆਂ ਸਬੰਧੀ ਜਾਣਕਾਰੀ ਹਾਸਲ ਕਰਕੇ ਰਿਪੋਰਟ ਤਿਆਰ ਕੀਤੀ ਗਈ ਹੈ। ਐੱਸਐੱਸਪੀ ਰਵਿੰਦਰਪਾਲ ਸੰਧੂ ਨੇ ਕਿਹਾ ਕਿ ਟੈਂਡਰ ਘੁਟਾਲੇ ਮਾਮਲੇ ਵਿੱਚ ਮੀਨੂੰ ਪੰਕਜ ਮਲਹੋਤਰਾ ਦੀ ਪ੍ਰਾਪਰਟੀ ਦੀ ਕੀਮਤ ਜਾਂਚੀ ਜਾ ਰਹੀ ਹੈ। ਫਿਲਹਾਲ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ, ਪਰ ਉਸ ਦੀ ਭਾਲ ਲਈ ਥਾਂ-ਥਾਂ ਛਾਪੇ ਮਾਰੇ ਜਾ ਰਹੇ ਹਨ। ਦੱਸ ਦਈਏ ਕਿ ਟੈਂਡਰ ਘੁਟਾਲਾ ਮਾਮਲੇ ’ਚ ਸਭ ਤੋਂ ਪਹਿਲਾਂ ਠੇਕੇਦਾਰ ਤੇਲੂਰਾਮ ਦੀ ਗ੍ਰਿਫ਼ਤਾਰੀ ਹੋਈ ਸੀ। ਉਸ ਤੋਂ ਬਾਅਦ ਲਗਪਗ 40 ਦਿਨ ਪਹਿਲਾਂ ਸਾਬਕਾ ਮੰਤਰੀ ਆਸ਼ੂ ਦੇ ਪੀਏ ਮੀਨੂੰ ਪੰਕਜ ਮਲਹੋਤਰਾ ਨੂੰ ਨਾਮਜ਼ਦ ਕੀਤਾ ਗਿਆ ਸੀ।
ਅਦਾਲਤ ਨੇ ਆਸ਼ੂ ਦੀ ਜ਼ਮਾਨਤ ਬਾਰੇ ਫ਼ੈਸਲਾ ਰਾਖਵਾਂ ਰੱਖਿਆ
ਦਾਣਾ ਮੰਡੀ ਟਰਾਂਸਪੋਟੇਸ਼ਨ ਟੈਂਡਰ ਘੁਟਾਲੇ ’ਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਅਰਜ਼ੀ ’ਤੇ ਅੱਜ ਸੁਣਵਾਈ ਹੋਈ। ਜਿਥੇ ਅਦਾਲਤ ਵਿੱਚ ਦੋਵੇਂ ਪੱਖਾਂ ਦੇ ਵਕੀਲਾਂ ਨੇ ਕਈ ਮੁੱਦਿਆਂ ’ਤੇ ਬਹਿਸ ਕੀਤੀ। ਕਰੀਬ ਇੱਕ ਘੰਟੇ ਬਾਅਦ ਇਸ ਮਾਮਲੇ ਵਿੱਚ ਅਦਾਲਤ ਨੇ ਆਪਣਾ ਫ਼ੈਸਲਾ ਰਾਖਵਾਂ ਰੱਖਦਿਆਂ ਅਗਲੀ ਸੁਣਵਾਈ 9 ਸਤੰਬਰ ਦੀ ਤੈਅ ਕੀਤੀ ਹੈ। ਟਰਾਂਸਪੋਟੇਸ਼ਨ ਟੈਂਡਰ ਘੁਟਾਲਾ ਮਾਮਲੇ ਵਿੱਚ ਸਾਬਕਾ ਮੰਤਰੀ ਆਸ਼ੂ ਨੂੰ 22 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਤਿੰਨ ਵਾਰ 8 ਦਿਨਾਂ ਦਾ ਰਿਮਾਂਡ ਵਿਜੀਲੈਂਸ ਵੱਲੋਂ ਲਿਆ ਜਾ ਚੁੱਕਿਆ ਹੈ। ਇਸ ਮਗਰੋਂ ਅਦਾਲਤ ਨੇ ਬੀਤੀ 31 ਅਗਸਤ ਦੀ ਸੁਣਵਾਈ ਮਗਰੋਂ ਆਸ਼ੂ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਸੀ। ਜੇਲ੍ਹ ਜਾਣ ’ਤੇ ਸਾਬਕਾ ਮੰਤਰੀ ਦੇ ਵਕੀਲਾਂ ਨੇ ਜ਼ਮਾਨਤ ਸਬੰਧੀ ਅਰਜ਼ੀ ਦਾਖਲ ਕਰ ਦਿੱਤੀ ਗਈ ਸੀ, ਜਿਸ ਦੀ ਸੁਣਵਾਈ ਅੱਜ ਜੱਜ ਡਾ. ਅਜੀਤ ਅਤਰੀ ਦੀ ਅਦਾਲਤ ਵਿੱਚ ਹੋਈ ਹੈ। ਅੱਜ ਦੀ ਸੁਣਵਾਈ ਦੌਰਾਨ ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਮਗਰੋਂ ਜੱਜ ਨੇ ਆਪਣਾ ਫ਼ੈਸਲਾ ਰਾਖਵਾਂ ਰੱਖਦਿਆਂ ਅਗਲੀ ਸੁਣਵਾਈ 9 ਸਤੰਬਰ ਦੀ ਰੱਖੀ ਹੈ। ਹੁਣ ਅਗਲੀ ਸੁਣਵਾਈ ’ਤੇ ਹੀ ਅਦਾਲਤ ਵੱਲੋਂ ਜ਼ਮਾਨਤ ਅਰਜ਼ੀ ਬਾਰੇ ਫ਼ੈਸਲਾ ਸੁਣਾਇਆ ਜਾਵੇਗਾ।