ਦਵਿੰਦਰ ਸਿੰਘ ਭੰਗੂ
ਰਈਆ, 5 ਸਤੰਬਰ
ਕਸਬਾ ਬਿਆਸ ਜੀਟੀ ਰੋਡ ’ਤੇ ਡੇਰਾ ਰਾਧਾ ਸੁਆਮੀ ਸਮਰਥਕਾਂ ਅਤੇ ਤਰਨਾ ਦਲ ਦੇ ਨਿਹੰਗ ਸਿੰਘਾਂ ਵਿਚਕਾਰ ਬੀਤੇ ਦਿਨ ਹੋਏ ਤਕਰਾਰ ਮਗਰੋਂ ਅੱਜ ਵੀ ਮਾਹੌਲ ਤਣਾਅਪੂਰਵਕ ਬਣਿਆ ਰਿਹਾ। ਇਸ ਮੌਕੇ ਪੁਲੀਸ ਅਧਿਕਾਰੀਆਂ ਵੱਲੋਂ ਸਥਿਤੀ ’ਤੇ ਕਾਬੂ ਰੱਖਣ ਲਈ ਵੱਡੀ ਗਿਣਤੀ ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ। ਇਸ ਮੌਕੇ ਜਾਇਜ਼ਾ ਲੈਣ ਪੁੱਜੇ ਏਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਬਹਾਲ ਕਰਨ ਲਈ ਪੁਖਤਾ ਇੰਤਜ਼ਾਮ ਕੀਤੇ ਗਏ ਹਨ।
ਜਾਣਕਾਰੀ ਅਨੁਸਾਰ ਕੱਲ੍ਹ ਸ਼ਾਮ ਡੇਰਾ ਰਾਧਾ ਸੁਆਮੀ ਬਿਆਸ ਦੇ ਸਮਰਥਕਾਂ ਅਤੇ ਤਰਨਾ ਦਲ ਦੇ ਨਿਹੰਗ ਸਿੰਘਾਂ ਵਿਚਕਾਰ ਗਾਵਾਂ ਤੋਂ ਤਕਰਾਰ ਹੋ ਗਿਆ ਸੀ ਜਿਸ ਕਾਰਨ ਦਰਜਨ ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ ਸਨ। ਇਸ ਘਟਨਾ ਤੋਂ ਬਾਅਦ ਤਰਨਾ ਦਲ ਦੇ ਮੁਖੀ ਬਾਬਾ ਗੱਜਣ ਸਿੰਘ ਬਾਬਾ ਬਕਾਲਾ ਨੇ ਕੋਈ ਵੀ ਬਿਆਨ ਦੇਣ ਤੋਂ ਗੁਰੇਜ਼ ਕੀਤਾ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਬਾਬਾ ਬਲਬੀਰ ਸਿੰਘ ਮੁੱਛਲ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਜੇ ਪੁਲੀਸ ਨੇ ਨਿਹੰਗ ਸਿੰਘਾਂ ਨੂੰ ਜ਼ਖ਼ਮੀ ਕਰਨ ਵਾਲੇ ਲੋਕਾਂ ’ਤੇ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਇਸ ਦੇ ਭਿਆਨਕ ਨਤੀਜੇ ਨਿਕਲ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇ ਪੁਲੀਸ ਅਧਿਕਾਰੀਆਂ ਨੇ ਇਨਸਾਫ਼ ਨਾ ਦਿੱਤਾ ਤਾਂ ਪੰਜਾਬ ਸਰਕਾਰ ਅਤੇ ਪੁਲੀਸ ਜ਼ਿੰਮੇਵਾਰ ਹੋਵੇਗੀ। ਏਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਇਹ ਕਿਸੇ ਧਰਮ ਦਾ ਮਸਲਾ ਨਹੀਂ ਹੈ, ਇਹ ਜ਼ਮੀਨ ਦਾ ਮਸਲਾ ਹੈ, ਇਸ ਕਰਕੇ ਸਭ ਤੋਂ ਪਹਿਲਾਂ ਅਮਨ ਕਾਨੂੰਨ ਦੀ ਸਥਿਤੀ ਬਹਾਲ ਕਰਨਾ ਜ਼ਰੂਰੀ ਹੈ, ਦੋਵੇਂ ਧਿਰਾਂ ਨੂੰ ਸ਼ਾਂਤ ਕੀਤਾ ਗਿਆ ਹੈ। ਪੁਲੀਸ ਨੇ ਦੋਵਾਂ ਧਿਰਾਂ ਦੇ ਬਿਆਨ ਲੈ ਲਏ ਹਨ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਲਦੀ ਹੀ ਕਾਰਵਾਈ ਮੁਕੰਮਲ ਕੀਤੀ ਜਾਵੇਗੀ।