ਦਲਬੀਰ ਸੱਖੋਵਾਲੀਆ
ਡੇਰਾ ਬਾਬਾ ਨਾਨਕ, 20 ਨਵੰਬਰ
ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਡੇਰਾ ਪਠਾਣਾ ਵਿੱਚ ਸਵੇਰ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਪਿੰਡ ਦੇ ਲੋਕਾਂ ਨੇ ਕੁਝ ਬਾਹਰੀ ਖੇਤਰ ਦੇ ਬੰਦਿਆਂ ਨੂੰ ਇੱਕ ਘਰ ਵਿੱਚ ਦੇਖਿਆ। ਇਸ ਦੌਰਾਨ ਨੌਜਵਾਨ ਦੀ ਕੁੱਟਮਾਰ ਹੋਈ। ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਤੇ ‘ਆਪ’ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਵੀ ਪਹੁੰਚ ਗਏ। ਇਸੇ ਤਰ੍ਹਾਂ ਕਸਬਾ ਧਿਆਨਪੁਰ ਵਿੱਚ ਉਸ ਸਮੇਂ ਮਾਹੌਲ ਤਣਾਅਪੂਰਨ ਜਦੋਂ ਐੱਮਪੀ ਰੰਧਾਵਾ ਦੇ ਪੁੱਤਰ ਉਦੈਵੀਰ ਸਿੰਘ ਅਤੇ ਹੋਰ ਸਮਰਥਕਾਂ ਨੇ ਜੇਲ੍ਹ ’ਚ ਬੰਦ ਜੱਗੂ ਭਗਵਾਨਪੁਰੀਆ ਦੇ ਛੋਟੇ ਭਰਾ ਨੂੰ ਘੇਰ ਲਿਆ। ਉਦੈਵੀਰ ਰੰਧਾਵਾ ਨੇ ਉਸ ’ਤੇ ਹਲਕੇ ਵਿੱਚ ਕਾਂਗਰਸ ਵਰਕਰਾਂ ’ਚ ਦਹਿਸ਼ਤ ਫੈਲਾਉਣ ਵਰਗੇ ਦੋੋਸ਼ ਵੀ ਲਾਏ। ਇਸ ਦੌਰਾਨ ਦੋਵਾਂ ਵਿੱਚ ਤਲਖੀ ਭਰਿਆ ਮਾਹੌਲ ਮਿਲਿਆ ਪਰ ਕੁਝ ਵਿਅਕਤੀਆਂ ਨੇ ਵਿੱਚ ਪੈ ਕੇ ਮਾਹੌਲ ਸ਼ਾਂਤ ਕੀਤਾ। ਇਸੇ ਤਰ੍ਹਾਂ ਪਿੰਡ ਡੇਰਾ ਪਠਾਣਾ ਵਿੱਚ ‘ਆਪ’ ਉੱਤੇ ਬਾਹਰੀ ਖੇਤਰ ਤੋਂ ਗੈਂਗਸਟਰ ਮੰਗਵਾਉਣ ਅਤੇ ਕਾਂਗਰਸ ਪੱਖੀ ਵਰਕਰਾਂ ਨੂੰ ਵੋਟਾਂ ਨਾ ਪਾਉਣ ਦੀਆਂ ਧਮਕੀਆਂ ਦੇਣ ਵਰਗੇ ਦੋਸ਼ ਲਾਏ ਗਏ।
ਇਸ ਦੌਰਾਨ ਇੱਕ ਵਿਅਕਤੀ ਦੀ ਕੁੱਟਮਾਰ ਕੀਤੀ ਗਈ, ਜਿਸ ਨੇ ਕਾਂਗਰਸ ਪੱਖੀ ਵਰਕਰਾਂ ’ਤੇ ਦੋਸ਼ ਲਗਾਉਂਦਿਆਂ ਦੱਸਿਆ ਕਿ ਇਸ ਮੌਕੇ ਐੱਮਪੀ ਰੰਧਾਵਾ ਵੀ ਕੁਝ ਫੁੱਟ ਦੀ ਦੂਰੀ ’ਤੇ ਖੜ੍ਹਾ ਸੀ। ਉਨ੍ਹਾਂ ਲੋਕ ਸਭਾ ਮੈਂਬਰ ’ਤੇ ਖ਼ੁਦ ਹੱਲਾਸ਼ੇਰੀ ਦੇਣ ਦੇ ਦੋਸ਼ ਲਾਏ। ਇਸ ਮੌਕੇ ਲੋਕ ਸਭਾ ਮੈਂਬਰ ਰੰਧਾਵਾ ਨੇ ਕਿਹਾ ਕਿ ਇੱਕ ਕੋਠੀ ਵਿੱਚ ਹਲਕੇ ਤੋਂ ਬਾਹਰੀ ਲੋਕ ਆ ਕੇ ਕਾਂਗਰਸੀ ਲੋਕਾਂ ’ਚ ਦਹਿਸ਼ਤ ਫੈਲਾ ਰਹੇ ਹਨ। ਘਟਨਾ ਸਥਾਨ ’ਤੇ ਪਹੁੰਚਣ ’ਤੇ ‘ਆਪ’ ਉਮੀਦਵਾਰ ਗੁਰਦੀਪ ਰੰਧਾਵਾ ਨੇ ਕਾਂਗਰਸ ਪੱਖੀਆਂ ਵੱਲੋਂ ਲਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਲੋਕਾਂ ਵੱਲੋਂ ਜਿਸ ਵਿਅਕਤੀ ਨੂੰ ਕਾਬੂ ਕੀਤਾ ਗਿਆ, ਉਹ ਖ਼ੁਦ ਨੂੰ ਤਰਨ ਤਾਰਨ ਦਾ ਦੱਸਦਿਆਂ ਕਹਿ ਰਿਹਾ ਸੀ ਕਿ ਉਸ ਦੀ ਭੈਣ ਇਸ ਪਿੰਡ ਵਿਆਹੀ ਹੈ ਤੇ ਉਹ ਉਸ ਨੂੰ ਮਿਲਣ ਆਇਆ ਹੈ। ਕਾਂਗਰਸ ਪੱਖੀਆਂ ਦਾ ਦੋਸ਼ ਸੀ ਕਿ ਉਸ ਕੋਠੀ ’ਚ ਹੋਰ ਵੀ ਬਾਹਰੀ ਖੇਤਰ ਦੇ ਨੌਜਵਾਨ ਬੈਠੇ ਹਨ।