ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 24 ਜੂਨ
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੀ ਮਾਰਚ 2022 (ਟਰਮ-2) ਦੀ ਪ੍ਰੀਖਿਆ ਵੱਖ-ਵੱਖ ਕਾਰਨਾਂ ਕਰਕੇ ਦੇਣ ਤੋਂ ਵਾਂਝੇ ਰਹਿ ਗਏ ਵਿਦਿਆਰਥੀਆਂ ਦੀ ਮੁੜ ਪ੍ਰੀਖਿਆ ਲਈ ਜਾਵੇਗੀ ਜਿਸ ਲਈ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। ਸਿੱਖਿਆ ਬੋਰਡ ਦੇ ਕੰਟਰੋਲਰ (ਪ੍ਰੀਖਿਆਵਾਂ) ਜੇ ਆਰ ਮਹਿਰੋਕ ਨੇ ਦੱਸਿਆ ਕਿ ਇਹ ਪ੍ਰੀਖਿਆ ਪਹਿਲੀ ਜੁਲਾਈ ਤੋਂ 13 ਜੁਲਾਈ ਤੱਕ ਲਈ ਜਾਵੇਗੀ। ਇਨ੍ਹਾਂ ਪ੍ਰੀਖਿਆਵਾਂ ਲਈ ਮੁਹਾਲੀ ਸਣੇ ਤਿੰਨ ਜ਼ਿਲ੍ਹਿਆਂ ਬਠਿੰਡਾ ਅਤੇ ਜਲੰਧਰ ਵਿੱਚ ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਬਠਿੰਡਾ ਦੇ ਪ੍ਰੀਖਿਆ ਕੇਂਦਰ ਵਿੱਚ ਬਠਿੰਡਾ, ਸੰਗਰੂਰ, ਬਰਨਾਲਾ, ਮਾਲੇਰਕੋਟਲਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ ਜ਼ਿਲ੍ਹਿਆਂ ਨਾਲ ਸਬੰਧਤ ਵਿਦਿਆਰਥੀ ਪ੍ਰੀਖਿਆ ਦੇਣਗੇ। ਇੰਜ ਹੀ ਜਲੰਧਰ ਦੇ ਪ੍ਰੀਖਿਆ ਕੇਂਦਰ ਵਿੱਚ ਜਲੰਧਰ ਸਮੇਤ ਕਪੂਰਥਲਾ, ਅੰਮ੍ਰਿਤਸਰ, ਤਰਨ ਤਾਰਨ, ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ, ਮੋਗਾ ਅਤੇ ਲੁਧਿਆਣਾ ਜ਼ਿਲ੍ਹਿਆਂ ਦੇ ਪ੍ਰੀਖਿਆਰਥੀ ਅਪੀਅਰ ਹੋਣਗੇ ਜਦੋਂਕਿ ਮੁਹਾਲੀ ਦੇ ਪ੍ਰੀਖਿਆ ਕੇਂਦਰ ਵਿੱਚ ਮੁਹਾਲੀ ਸਮੇਤ ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ), ਸ੍ਰੀ ਫਤਹਿਗੜ੍ਹ ਸਾਹਿਬ ਅਤੇ ਪਟਿਆਲਾ ਜ਼ਿਲ੍ਹਿਆਂ ਨਾਲ ਸਬੰਧਤ ਵਿਦਿਆਰਥੀ ਪ੍ਰੀਖਿਆ ਦੇ ਸਕਣਗੇ। ਪ੍ਰੀਖਿਆਵਾਂ ਦਾ ਸਮਾਂ ਸਵੇਰੇ 11 ਵਜੇ ਹੋਵੇਗਾ। ਡੇਟਸ਼ੀਟ ਅਤੇ ਪ੍ਰੀਖਿਆਵਾਂ ਸਬੰਧੀ ਮੁਕੰਮਲ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ’ਤੇ ਉਪਲਬਧ ਕਰਵਾਈ ਗਈ ਹੈ।