ਨਵੀਂ ਦਿੱਲੀ, 28 ਅਗਸਤ
ਕਾਂਗਰਸ ਵਿੱਚ ਜੀ-23 ਸਮੂਹ ਵਿੱਚ ਸ਼ਾਮਲ ਨੇਤਾ ਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਹਾਲ ਹੀ ਦੌਰਾਨ ਅੰਮ੍ਰਿਤਸਰ ਵਿੱਚ ਬਿਆਨ ਤੋਂ ਬਾਅਦ ਪਾਰਟੀ ਵੱਲੋਂ ਚੁੱਪ ਰਹਿਣ ’ਤੇ ਸਵਾਲ ਚੁੱਕੇ ਹਨ। ਸ੍ਰੀ ਤਿਵਾੜੀ ਦੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਪਿਛਲੇ ਸਾਲ ਅਗਸਤ ਵਿੱਚ ਜਦੋਂ ਨੇਤਾਵਾਂ ਦੇ ਸਮੂਹ ਨੇ ਪਾਰਟੀ ਦੀ ਬਿਹਤਰੀ ਲਈ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਸੀ ਤਾਂ ਉਨ੍ਹਾਂ ਨੂੰ ਗੱਦਾਰ ਕਿਹਾ ਗਿਆ ਸੀ ਪਰ ਹੁਣ ਸਿੱਧੂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਤਿਵਾੜੀ ਨੇ ਅੱਜ ਵੀਡੀਓ ਟਵੀਟ ਕੀਤਾ, ਜਿਸ ਵਿੱਚ ਸਿੱਧੂ ਕਹਿ ਰਹੇ ਹਨ ਕਿ ਜੇ ਉਨ੍ਹਾਂ ਨੂੰ ਖੁੱਲ੍ਹ ਕੇ ਕੰਮ ਕਰਨ ਦੀ ਇਜਾਜ਼ਤ ਨਾ ਦਿੱਤੀ ਗਈ ਤਾਂ ਉਹ “ਇੱਟ ਨਾਲ ਇੱਟ ਖੜਕਾ ਦੇਣਗੇ। ਇਸ ’ਤੇ ਸਾਬਕਾ ਕੇਂਦਰੀ ਮੰਤੀ ਸ੍ਰੀ ਤਿਵਾੜੀ ਨੇ ਉਰਦੂ ਸ਼ੇਅਰ ਨਾਲ ਟਿੱਪਣੀ ਕਰਦਿਆਂ ਕਿਹਾ,‘ਹਮ ਆਹ ਭੀ ਭਰਤੇ ਹੈਂ ਤੋ ਹੋ ਜਾਤੇ ਹੈ ਬਦਨਾਮ, ਵੋਹ ਕਤਲ ਭੀ ਕਰਤੇ ਹੈਂ ਤੋ ਚਰਚਾ ਨਹੀਂ ਹੋਤਾ।’