ਨਵੀਂ ਦਿੱਲੀ, 13 ਦਸੰਬਰ
ਇਥੇ ਜੰਤਰ ਮੰਤਰ ’ਤੇ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੇ ਸੰਸਦ ਦਾ ਸਰਦ ਰੁੱਤ ਇਜਲਾਸ ਸੱਦਣ ਦੀ ਮੰਗ ਨੂੰ ਲੈ ਕੇ ਪੰਜਾਬ ਨਾਲ ਸਬੰਧਤ ਕਾਂਗਰਸੀ ਸੰਸਦ ਮੈਂਬਰਾਂ ਵੱਲੋਂ ਲਾਏ ਧਰਨੇ ਵਿੱਚ ਅੱਜ ਪਾਰਟੀ ਦੇ ਸੀਨੀਅਰ ਆਗੂ ਤੇ ਸੰਸਦ ਮੈਂਬਰ ਸ਼ਸ਼ੀ ਥਰੂਰ ਵੀ ਸ਼ਾਮਲ ਹੋ ਗਏ। ਥਰੂਰ ਨੇ ਇਕ ਟਵੀਟ ’ਚ ਧਰਨੇ ’ਚ ਸ਼ਮੂਲੀਅਤ ਬਾਰੇ ਜਾਣਕਾਰੀ ਦਿੱਤੀ। ਜੰਤਰ ਮੰਤਰ ’ਤੇ 7 ਦਸੰਬਰ ਤੋਂ ਜਾਰੀ ਧਰਨੇ ’ਚ ਹੁਣ ਤੱਕ ਕਈ ਹੋਰਨਾਂ ਪਾਰਟੀਆਂ ਦੇ ਵਿਧਾਇਕ ਤੇ ਆਗੂ ਵੀ ਸ਼ਾਮਲ ਹੋ ਚੁੱਕੇ ਹਨ। ਇਸ ਦੌਰਾਨ ਧਰਨੇ ’ਤੇ ਬੈਠੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਕਿਹਾ, ‘ਅਸੀਂ ਉਦੋਂ ਤੱਕ ਇਥੇ ਬੈਠਾਂਗੇ, ਜਦੋਂ ਤੱਕ ਕਿਸਾਨਾਂ ਦਾ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਜਾਰੀ ਰਹੇਗਾ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲਏ ਤੇ ਕਿਸਾਨ ਮੰਗਾਂ ਦਾ ਹੱਲ ਕੱਢੇ।’ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ, ‘ਪੰਜਾਬ ਸਰਕਾਰ ਪਹਿਲੇ ਦਿਨ ਤੋਂ ਕਿਸਾਨਾਂ ਦੇ ਨਾਲ ਹੈ ਤੇ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਕਿਸਾਨਾਂ ਦੀ ਹਮਾਇਤ ਕਰੀਏ….ਸਰਕਾਰ ਵੱਲੋਂ ਆਪਣੇ ਫੈਸਲੇ ਵਾਪਸ ਲਏ ਜਾਣ ਤੱਕ ਧਰਨੇ ਜਾਰੀ ਰਹਿਣਗੇ।’ -ਆਈਏਐੱਨਐੱਸ
ਢੁੱਕਵੀਂ ਆਮਦਨ ਤੇ ਜਾਇਜ਼ ਕੀਮਤ ਮੰਗ ਰਹੇ ਨੇ ਕਿਸਾਨ: ਸਿੱਧੂ
ਚੰਡੀਗੜ੍ਹ (ਟਨਸ): ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਅੱਜ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਉਤੇ ਨਿਸ਼ਾਨਾ ਸੇਧਦਿਆਂ ਇਕ ਵੀਡੀਓ ਪੋਸਟ ਕੀਤੀ। ਇਸ ਵੀਡੀਓ ਵਿਚ ਸਿੱਧੂ ਨੇ ਕਿਸਾਨ ਸੰਘਰਸ਼ ਦਾ ਕੇਂਦਰ ਸਰਕਾਰ ਵੱਲੋਂ ਕੋਈ ਹੱਲ ਨਾ ਕੱਢੇ ਜਾਣ ’ਤੇ ਆਪਣੇ ਵਿਚਾਰ ਰੱਖੇ। ਦੋ ਮਿੰਟ ਦੀ ਵੀਡੀਓ ਨਾਲ ਸਿੱਧੂ ਨੇ ਕਿਹਾ ‘ਕਿਸਾਨ ਕਰਜ਼ਾ ਮੁਆਫ਼ੀ ਨਹੀਂ ਮੰਗ ਰਹੇ ਨਾ ਹੀ ਸਬਸਿਡੀ ਮੰਗ ਰਹੇ ਹਨ, ਉਹ ਢੁੱਕਵੀਂ ਆਮਦਨ ਤੇ ਜਾਇਜ਼ ਕੀਮਤ ਮੰਗ ਰਹੇ ਹਨ। ਸਰਕਾਰ ਸਵਾਮੀਨਾਥਨ ਦਾ ਸੀ2 ਫਾਰਮੂਲਾ ਲਾਗੂ ਕਰਨ ਦੀ ਬਜਾਏ, ਉਨ੍ਹਾਂ ਤੋਂ ਨਿਸ਼ਚਿਤ ਆਮਦਨ ਵੀ ਖੋਹ ਰਹੀ ਹੈ। ਕੇਂਦਰ ਸਰਕਾਰ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ ਪਰ ਇਸ ਦੀ ਥਾਂ ਛੇ ਹਜ਼ਾਰ (500 ਰੁਪਏ ਪ੍ਰਤੀ ਮਹੀਨਾ) ਦਾ ਨਿਗੂਣਾ ਲਾਲਚ ਦਿੱਤਾ ਜਾ ਰਿਹਾ ਹੈ।’ ਕਲਿੱਪ ਵਿਚ ਸਿੱਧੂ ਨੇ ਅੱੱਗੇ ਕਿਹਾ ‘ਕਿਸਾਨਾਂ ਲਈ ਐਮਐੱਸਪੀ 19 ਪ੍ਰਤੀਸ਼ਤ ਵਧ ਗਈ ਹੈ, ਉਨ੍ਹਾਂ ਦੀ ਗਲਤੀ ਕੀ ਹੈ, ਕੀ ਤੁਸੀਂ (ਸਰਕਾਰ) ਕਿਸਾਨਾਂ ਨੂੰ ਛੇ ਹਜ਼ਾਰ ਰੁਪਏ ਦੇ ਕੇ ਮਜ਼ਾਕ ਕਰ ਰਹੇ ਹੋ? ਹੁਣ ਕਿਸਾਨ ਨੂੰ ਸਰਕਾਰ 450 ਰੁਪਏ ਪ੍ਰਤੀ ਮਹੀਨੇ ਦੇਵੇਗੀ? ਉਸ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਦਿਨ ਮਿਲਣੇ ਚਾਹੀਦੇ ਹਨ।’