ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 4 ਜੂਨ
ਸੂਬੇ ਦੀਆਂ 150 ਪੰਚਾਇਤ ਸਮਿਤੀਆਂ ਨੂੰ 15ਵੇਂ ਵਿੱਤ ਕਮਿਸ਼ਨ ਵੱਲੋਂ ਲੰਮੇ ਸਮੇਂ ਬਾਅਦ ਸਿੱਧੇ ਤੌਰ ’ਤੇ ਭੇਜੀ ਗਈ ਰਾਸ਼ੀ ਹੁਣ ਕੋਵਿਡ ਟੀਕਾਕਰਨ ਲਈ ਖ਼ਰਚੀ ਜਾਵੇਗੀ। ਪੰਚਾਇਤ ਵਿਭਾਗ ਨੇ ਪੰਚਾਇਤ ਸਮਿਤੀਆਂ ਕੋਲ 2021-22 ਲਈ ਪਹਿਲੀ ਕਿਸ਼ਤ ਵਜੋਂ ਆਈ ਰਕਮ ਦੇ ਬੰਧਨ ਮੁਕਤ ਫੰਡ ਵਾਪਸ ਮੰਗਵਾ ਲਏ ਹਨ। ਪੰਚਾਇਤ ਸਮਿਤੀਆਂ ਨੂੰ ਉਕਤ ਕਿਸ਼ਤ ਦੀ ਰਾਸ਼ੀ ਜ਼ਿਲ੍ਹਾ ਪਰਿਸ਼ਦਾਂ ਨੂੰ ਭੇਜਣ ਲਈ ਕਿਹਾ ਗਿਆ ਹੈ। ਜ਼ਿਲ੍ਹਾ ਪਰਿਸ਼ਦਾਂ ਰਾਹੀਂ ਇਹ ਰਾਸ਼ੀ ਕੋਵਿਡ ਵੈਕਸੀਨ ’ਤੇ ਖਰਚੀ ਜਾਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ 15ਵੇਂ ਵਿੱਤ ਕਮਿਸ਼ਨ ਨੇ ਦੋ ਕੁ ਮਹੀਨੇ ਪਹਿਲਾਂ ਜ਼ਿਲ੍ਹਾ ਪਰਿਸ਼ਦਾਂ ਅਤੇ ਪੰਚਾਇਤ ਸਮਿਤੀਆਂ ਨੂੰ ਪਹਿਲੀ ਕਿਸ਼ਤ ਵਜੋਂ ਸਿੱਧੇ ਤੌਰ ’ਤੇ ਇਹ ਰਾਸ਼ੀ ਭੇਜੀ ਸੀ। ਸੂਬੇ ਦੀਆਂ ਪੰਚਾਇਤ ਸਮਿਤੀਆਂ ਨੂੰ 40 ਕਰੋੜ ਦੇ ਕਰੀਬ ਰਾਸ਼ੀ ਇਨ੍ਹਾਂ ਫੰਡਾਂ ਅਧੀਨ ਆਈ ਹੈ। ਇਸ ਰਾਸ਼ੀ ਦਾ 60 ਫ਼ੀਸਦੀ ਹਿੱਸਾ ਬੰਧਨ ਯੁਕਤ ਹੁੰਦਾ ਹੈ, ਜਿਸ ਨੂੰ ਸਿਰਫ਼ ਪਿੰਡਾਂ ਵਿੱਚ ਵਾਟਰ ਸਪਲਾਈ ਅਤੇ ਸੀਵਰੇਜ ’ਤੇ ਖਰਚਾ ਕਰਨਾ ਹੁੰਦਾ ਹੈ, ਜਦੋਂ ਕਿ 40 ਫ਼ੀਸਦੀ ਹਿੱਸਾ ਬੰਧਨ ਮੁਕਤ ਫੰਡਾਂ ਦੇ ਰੂਪ ਵਿੱਚ ਪੰਚਾਇਤ ਸਮਿਤੀਆਂ ਪਿੰਡਾਂ ਦੀ ਲੋੜ ਅਨੁਸਾਰ ਜਿੱਥੇ ਮਰਜ਼ੀ ਖਰਚ ਕਰ ਸਕਦੀਆਂ ਹਨ।