ਜੋਗਿੰਦਰ ਸਿੰਘ ਮਾਨ
ਮਾਨਸਾ, 28 ਜੂਨ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਸਾਰੇ ਮੁਲਜ਼ਮਾਂ ਨੂੰ ਨਿੱਜੀ ਤੌਰ ‘ਤੇ ਜਾਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕਰਨ ਦੇ ਹੁਕਮਾਂ ਦੇ ਬਾਵਜੂਦ ਅੱਜ ਵੀਡੀਓ ਕਾਨਫਰੰਸ ਰਾਹੀਂ ਸਿਰਫ਼ 14 ਮੁਲਜ਼ਮ ਹੀ ਅਦਾਲਤ ‘ਚ ਪੇਸ਼ੀ ਭੁਗਤ ਸਕੇ। ਇਨ੍ਹਾਂ ਵਿੱਚ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਸ਼ਾਮਲ ਨਹੀਂ ਹਨ। ਮਾਨਸਾ ਦੇ ਸੀਨੀਅਰ ਪੁਲੀਸ ਕਪਤਾਨ ਨਾਨਕ ਸਿੰਘ ਨੇ ਦੱਸਿਆ ਕਿ ਸੀਜੇਐਮ ਛੁੱਟੀ ‘ਤੇ ਸਨ ਅਤੇ ਇਹ ਮਾਮਲਾ ਅੱਜ ਜੁਡੀਸ਼ਲ ਮੈਜਿਸਟਰੇਟ ਹਰਪ੍ਰੀਤ ਸਿੰਘ ਦੀ ਅਦਾਲਤ ਵਿੱਚ ਦਰਜ ਸੀ, ਜਿਨ੍ਹਾਂ ਸਾਰੇ ਮੁਲਜ਼ਮਾਂ ਨੂੰ 12 ਜੁਲਾਈ ਨੂੰ ਪੇਸ਼ ਕਰਨ ਲਈ ਨਵੇਂ ਸੰਮਨ ਜਾਰੀ ਕੀਤੇ ਹਨ। ਸਿੱਧੂ ਮੂਸੇਵਾਲਾ ਦੇ ਵਕੀਲ ਸੁਰਿੰਦਰਪਾਲ ਸਿੰਘ ਮਿੱਤਲ ਨੇ ਦਾਅਵਾ ਕੀਤਾ ਹੈ ਕਿ ਅੱਜ ਵੀਡੀਓ ਕਾਨਫਰੰਸ ਰਾਹੀਂ ਪਵਨ ਨਹਿਰਾ, ਦੀਪਕ ਮੁੰਡੀ, ਨਸੀਬ ਦੀਨ, ਮਨਪ੍ਰੀਤ, ਕਸ਼ਿਸ, ਸੰਦੀਪ, ਬਿੱਟੂ, ਮੋਨੂ ਡਾਗਰ, ਜਗਤਾਰ, ਪ੍ਰਭਦੀਪ, ਅੰਕਿਤ ਸੇਰਸਾ, ਕੇਸ਼ਵ, ਚਰਨਜੀਤ ਤੇ ਅਰਸ਼ਦ ਨੇ ਪੇਸ਼ੀ ਭੁਗਤੀ। ਉਧਰ, ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਟਵੀਟ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਹੁੰਦਿਆਂ 27 ਸੁਣਵਾਈਆਂ ‘ਚ ਲਾਰੈਂਸ ਬਿਸ਼ਨੋਈ ਸਣੇ ਗ੍ਰਿਫ਼ਤਾਰ ਕੀਤੇ ਗਏ ਕਿਸੇ ਵੀ ਵਿਅਕਤੀ ‘ਤੇ ਦੋਸ਼ ਤੈਅ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਵਰਗੇ ਗੈਂਗਸਟਰ ਮੀਡੀਆ ਨੂੰ ਖੁੱਲ੍ਹੇਆਮ ਇੰਟਰਵਿਊ ਦਿੰਦੇ ਹੋਏ ਧਮਕੀਆਂ ਦੇ ਕੇ ਸਰਕਾਰ ਨੂੰ ਚੁਣੌਤੀ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜਾਂ ਤਾਂ ਪੰਜਾਬ ਸਰਕਾਰ ਉਨ੍ਹਾਂ ਨੂੰ ਫੜਨ ਲਈ ਤਿਆਰ ਨਹੀਂ ਹੈ ਜਾਂ ਸਰਕਾਰ ਕਮਜ਼ੋਰ ਹੈ।
ਉਧਰ, ਅੱਜ ਮਾਨਸਾ ਦੀ ਇੱਕ ਅਦਾਲਤ ਨੇ ਬੁੱਧਵਾਰ ਨੂੰ ਸਿੱਧੂ ਮੂਸੇਵਾਲਾ ਦੀ ਹੱਤਿਆ ਕਰਨ ਵਾਲੇ ਹਰਿਆਣਾ ਦੇ ਸ਼ੂਟਰਾਂ ਨੂੰ ਪਨਾਹ ਦੇਣ ਵਾਲੇ ਜੋਗਿੰਦਰ (33) ਉਰਫ਼ ਜੋਗਾ ਦਾ ਦੋ ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ਮਗਰੋਂ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਐੱਸਐੱਸਪੀ ਨਾਨਕ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਜੋਗਾ ਦਾ ਪੰਜ ਦਿਨ ਦਾ ਹੋਰ ਰਿਮਾਂਡ ਹਾਸਲ ਕੀਤਾ ਹੈ। ਇਸੇ ਦੌਰਾਨ ਸੀਆਈਏ ਮਾਨਸਾ ਦੇ ਬਰਖਾਸਤ ਇੰਚਾਰਜ ਪ੍ਰਿਤਪਾਲ ਸਿੰਘ ਦੀ ਵੀ ਅਗਲੀ ਪੇਸ਼ੀ 12 ਜੁਲਾਈ ਪਾਈ ਗਈ ਹੈ, ਜਿਨ੍ਹਾਂ ਉਤੇ ਦੋਸ਼ ਹਨ ਕਿ ਉਨ੍ਹਾਂ ਨੇ ਪੁਲੀਸ ਗ੍ਰਿਫ਼ਤ ‘ਚੋਂ ਦੀਪਕ ਟੀਨੂ ਨੂੰ ਭਜਾਇਆ ਸੀ।