ਗਗਨਦੀਪ ਅਰੋੜਾ
ਲੁਧਿਆਣਾ, 29 ਦਸੰਬਰ
ਲੁਧਿਆਣਾ ਬੰਬ ਕਾਂਡ ਸਬੰਧੀ ਰੋਜ਼ਾਨਾ ਕਈ ਤਰ੍ਹਾਂ ਦੀਆਂ ਪਰਤਾਂ ਖੁੱਲ੍ਹ ਰਹੀਆਂ ਹਨ। ਜਾਂਚ ਦੌਰਾਨ ਏਜੰਸੀਆਂ ਨੂੰ ਪਤਾ ਲੱਗਿਆ ਹੈ ਕਿ ਅਦਾਲਤੀ ਕੰਪਲੈਕਸ ’ਚ ਧਮਾਕਾ ਕਰਨ ਤੋਂ ਕਰੀਬ 12 ਦਿਨ ਪਹਿਲਾਂ ਮੁਲਜ਼ਮ ਗਗਨਦੀਪ ਸਿੰਘ ਅੰਮ੍ਰਿਤਸਰ ਕਿਸੇ ਨੂੰ ਮਿਲਣ ਗਿਆ ਸੀ। ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਸ਼ਾਇਦ ਗਗਨਦੀਪ ਨੇ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ’ਚੋਂ ਲੁਧਿਆਣਾ ਧਮਾਕੇ ਲਈ ਸਮੱਗਰੀ ਲਿਆਂਦੀ ਹੋਵੇ। ਸੂਤਰਾਂ ਅਨੁਸਾਰ ਜਦੋਂ ਏਜੰਸੀਆਂ ਨੇ ਉਸ ਦੇ ਮੋਬਾਈਲ ਦੀ ਕਾਲ ਡਿਟੇਲ ਕਢਵਾਈ ਤਾਂ ਰਿਕਾਰਡ ਵਿੱਚ ਅੰਮ੍ਰਿਤਸਰ ਦੀ ਲੋਕੇਸ਼ਨ ਵੀ ਆਈ। ਏਜੰਸੀਆਂ ਹੁਣ ਇਹ ਪਤਾ ਕਰਨ ’ਚ ਲੱਗੀਆਂ ਹਨ ਕਿ ਗਗਨਦੀਪ ਅੰਮ੍ਰਿਤਸਰ ਕਿਸ ਨੂੰ ਮਿਲਿਆ ਸੀ।
ਜੇਲ੍ਹ ’ਚੋਂ ਜ਼ਮਾਨਤ ’ਤੇ ਬਾਹਰ ਆਉਣ ਤੋਂ ਬਾਅਦ ਗਗਨਦੀਪ ਇੰਸਪੈਕਟਰ ਪੱਧਰ ਦੇ ਦੋ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ’ਚ ਸੀ। ਇਸ ਤੋਂ ਇਲਾਵਾ ਉਹ ਇੱਕ ਹੋਰ ਪੁਲੀਸ ਮੁਲਾਜ਼ਮ ਦੀ ਕਾਰ ਵਰਤਣ ਲਈ ਲੈ ਕੇ ਜਾਂਦਾ ਸੀ। ਇਸ ਬਾਰੇ ਪਤਾ ਲੱਗਣ ’ਤੇ ਏਜੰਸੀਆਂ ਖੰਨਾ ਦੇ ਥਾਣਾ ਸਦਰ ਦੇ ਦੋ ਪੁਰਾਣੇ ਐੱਸਐੱਚਓਜ਼ ਅਤੇ ਉਸ ਮੁਲਾਜ਼ਮ ਕੋਲੋਂ ਵੀ ਪੁੱਛ-ਗਿੱਛ ਕਰ ਰਹੀ ਹੈ, ਜਿਸ ਦੀ ਗੱਡੀ ਗਗਨਦੀਪ ਵਰਤਦਾ ਸੀ। ਪੁਲੀਸ ਸੂਤਰਾਂ ਦਾ ਕਹਿਣਾ ਹੈ ਕਿ ਖੰਨਾ ਤੋਂ ਲੁਧਿਆਣਾ ਆਉਂਦੇ ਸਮੇਂ ਵੀ ਗਗਨਦੀਪ ਨਾਲ ਕੋਈ ਹੋਰ ਵਿਅਕਤੀ ਹੋ ਸਕਦਾ ਹੈ, ਜਿਸ ਦੀ ਏਜੰਸੀਆਂ ਜਾਂਚ ਕਰ ਰਹੀਆਂ ਹਨ।
ਰਣਜੀਤ ਬਾਬਾ ਤੇ ਸੁਖਜਿੰਦਰ ਬਾਕਸਰ ਕੋਲੋਂ ਪੁੱਛ-ਪੜਤਾਲ ਜਾਰੀ
ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਗਏ ਰਣਜੀਤ ਬਾਬਾ ਅਤੇ ਸੁਖਜਿੰਦਰ ਬਾਕਸਰ ਨੂੰ ਅੱਜ ਵੀ ਟੀਮਾਂ ਪੁੱਛ-ਪੜਤਾਲ ਲਈ ਸਖ਼ਤ ਸੁਰੱਖਿਆ ਹੇਠ ਆਪਣੇ ਨਾਲ ਲੈ ਗਈਆਂ ਸਨ। ਸੂਤਰਾਂ ਅਨੁਸਾਰ ਬਾਕਸਰ ਕਾਫ਼ੀ ਸਮੇੇਂ ਤੋਂ ਅਤਿਵਾਦੀ ਜਥੇਬੰਦੀਆਂ ਦੇ ਸੰਪਰਕ ’ਚ ਸੀ। ਗਗਨਦੀਪ ਜਦੋਂ ਥਾਣਾ ਸਦਰ ਖੰਨਾ ’ਚ ਮੁਨਸ਼ੀ ਸੀ ਤਾਂ ਉਸ ਦੀ ਮੁਲਾਕਾਤ ਥਾਣੇ ਦੇ ਅੰਦਰ ਹੀ ਬਾਕਸਰ ਨਾਲ ਹੋਈ ਸੀ। ਬਾਕਸਰ ਆਪਣੇ ਗੈਂਗ ਦਾ ਮੁਖੀ ਸੀ ਤੇ ਕੱਬਡੀ ਖ਼ਿਡਾਰੀ ਸੀ। 2012 ’ਚ ਉਸ ਖ਼ਿਲਾਫ਼ ਨਵਾਂ ਸ਼ਹਿਰ ’ਚ ਕੇਸ ਦਰਜ ਹੋਇਆ ਸੀ। ਉਸ ਦੇ ਕਬਜ਼ੇ ’ਚੋਂ ਆਰ.ਡੀ.ਐੱਕਸ ਮਿਲਿਆ ਸੀ। ਜਦੋਂ ਬਾਕਸਰ ਪਟਿਆਲਾ ਦੀ ਨਾਭਾ ਜੇਲ੍ਹ ’ਚ ਬੰਦ ਸੀ ਤਾਂ ਉਥੇ ਉਸ ਦੀ ਮੁਲਾਕਾਤ ਅਤਿਵਾਦੀ ਕਸ਼ਮੀਰਾ ਨਾਲ ਹੋਈ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਾਕਸਰ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਥਾਣਿਆਂ ’ਚ 11 ਦੇ ਕਰੀਬ ਕੇਸ ਦਰਜ ਹਨ।