ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 14 ਅਪਰੈਲ
ਸੀਆਈਏ ਸਟਾਫ਼ ਸਰਹਿੰਦ ਦੀ ਇਮਾਰਤ ਵਿੱਚੋਂ ਕੰਧ ਟੱਪ ਕੇ ਇੱਕ ਖ਼ਤਰਨਾਕ ਮੁਲਜ਼ਮ ਭੇਤਭਰੀ ਹਾਲਤ ਵਿਚ ਫ਼ਰਾਰ ਹੋ ਗਿਆ। ਮੁਲਜ਼ਮ ਸਤਨਾਮ ਸਿੰਘ ਸੁਪਾਰੀ ਕਿੱਲਰ ਦੱਸਿਆ ਜਾਂਦਾ ਹੈ ਜੋ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਹੈ। ਉਸ ਨੂੰ ਸੀਆਈਏ ਸਟਾਫ਼ ਸਰਹਿੰਦ ਅਤੇ ਯੂਪੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ। ਸੀਆਈਏ ਸਟਾਫ਼ ਸਰਹਿੰਦ ਵਿੱਚ ਉਸ ਤੋਂ ਪੁੱਛਗਿਛ ਕੀਤੀ ਜਾ ਰਹੀ ਸੀ। ਪੁਲੀਸ ਸੂਤਰਾਂ ਅਨੁਸਾਰ ਦੇਰ ਰਾਤ ਉਹ ਕੰਧ ਟੱਪ ਕੇ ਫ਼ਰਾਰ ਹੋ ਗਿਆ। ਪੁਲੀਸ ਵੱਲੋਂ ਇਸ ਮਾਮਲੇ ਵਿਚ ਡਿਊਟੀ ’ਤੇ ਤਾਇਨਾਤ ਇੱਕ ਸਿਪਾਹੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕਥਿਤ ਦੋਸ਼ੀ ਸਤਨਾਮ ਸਿੰਘ ਉੱਤੇ 2 ਅਪਰੈਲ ਨੂੰ ਗੋਰਖਪੁਰ ਵਿੱਚ ਭਾਜਪਾ ਆਗੂ ਬੁਜੇਸ਼ ਸਿੰਘ ਦਾ ਕਤਲ ਕਰਨ ਦਾ ਦੋਸ਼ ਹੈ। ਪੁਲੀਸ ਨੇ ਦੱਸਿਆ ਕਿ ਕਥਿਤ ਦੋਸ਼ੀ ਦੀ ਭਾਲ ਵਿਚ ਵੱਖ-ਵੱਖ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।