ਗਗਨਦੀਪ ਅਰੋੜਾ
ਲੁਧਿਆਣਾ, 25 ਦਸੰਬਰ
ਅਦਾਲਤੀ ਕੰਪਲੈਕਸ ’ਚ ਦੋ ਦਿਨ ਪਹਿਲਾਂ ਹੋਏ ਬੰਬ ਧਮਾਕੇ ’ਚ ਜਾਂਚ ਏਜੰਸੀਆਂ ਨੂੰ ਕਈ ਸਬੂਤ ਤਾਂ ਮਿਲੇ ਹੀ ਹਨ, ਪਰ ਇਸ ਬੰਬ ਧਮਾਕੇ ਨਾਲ ਜੁੜੇ ਕਈ ਅਹਿਮ ਭੇਤ ਮ੍ਰਿਤਕ ਗਗਨਦੀਪ ਸਿੰਘ ਦੀ ਮਹਿਲਾ ਦੋਸਤ ਖੋਲ੍ਹੇਗੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲੀਸ ਨੇ ਐੱਸਪੀ ਪੱਧਰ ਦੀ ਇੱਕ ਮਹਿਲਾ ਅਧਿਕਾਰੀ ਦੇ ਨਾਲ ਤਾਇਨਾਤ ਮਹਿਲਾ ਕਾਂਸਟੇਬਲ ਨੂੰ ਹਿਰਾਸਤ ’ਚ ਲਿਆ ਹੈ। ਸੂਤਰ ਇਹ ਵੀ ਦੱਸਦੇ ਹਨ ਕਿ ਗਗਨਦੀਪ ਉਸ ਦੇ ਨਾਲ ਲਗਾਤਾਰ ਸੰਪਰਕ ’ਚ ਸੀ ਤੇ ਲੁਧਿਆਣਾ ਅਦਾਲਤ ’ਚ ਜਾਣ ਤੋਂ ਪਹਿਲਾਂ ਵੀ ਉਸ ਨੂੰ ਉਹ ਮਿਲ ਕੇ ਗਿਆ ਸੀ ਤੇ ਉੱਥੇ ਪੁੱਜ ਕੇ ਵੀ ਉਸ ਦੇ ਨਾਲ ਗੱਲ ਕੀਤੀ ਸੀ। ਜਿਸ ਤੋਂ ਸ਼ੱਕ ਹੋ ਰਿਹਾ ਹੈ ਕਿ ਧਮਾਕੇ ਬਾਰੇ ਉਸ ਦੀ ਮਹਿਲਾ ਦੋਸਤ ਨੂੰ ਸਾਰਾ ਕੁਝ ਪਤਾ ਸੀ। ਸੂਤਰਾਂ ਅਨੁਸਾਰ ਗਗਨ ਦੀ ਮਹਿਲਾ ਦੋਸਤ ਨੇ ਕਈ ਰਾਜ਼ ਤਾਂ ਖੋਲ੍ਹ ਦਿੱਤੇ ਹਨ, ਪਰ ਉਸ ਤੋਂ ਗਹਿਰਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ। ਹੁਣ ਕੇਂਦਰ ਤੇ ਸੂਬਾ ਸਰਕਾਰ ਦੀਆਂ ਜਾਂਚ ਏਜੰਸੀਆਂ ਵੀ ਮਹਿਲਾ ਕਾਂਸਟੇਬਲ ਤੋਂ ਪੁੱਛਗਿੱਛ ਕਰਨ ’ਚ ਲੱਗੀਆਂ ਹਨ। ਪੁਲੀਸ ਆਪਣੇ ਮਹਿਕਮੇ ਵਿੱਚੋਂ ਵੀ 7-8 ਜਣਿਆਂ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਤੋਂ ਇਲਾਵਾ ਸਾਰਿਆਂ ਦੇ ਸੋਸ਼ਲ ਮੀਡੀਆ ਖਾਤੇ ਵੀ ਚੈੱਕ ਕੀਤੇ ਜਾ ਰਹੇ ਹਨ। ਸ਼ਨਿਚਰਵਾਰ ਸਵੇਰੇ ਉਸ ਦੀ ਪਤਨੀ ਤੋਂ ਪੁੱਛਗਿਛ ਕੀਤੀ ਗਈ। ਸੂਤਰਾਂ ਅਨੁਸਾਰ ਪੁਲੀਸ ਨੇ ਗਗਨ ਦੀ ਪਤਨੀ ਤੋਂ ਪੁੱਛਗਿੱਛ ਦੌਰਾਨ ਉਸ ਦੇ ਘਰੋਂ ਇੱਕ ਲੈਪਟਾਪ, ਮੋਬਾਈਲ ਫੋਨ ਤੇ ਹੋਰ ਸਾਮਾਨ ਕਬਜ਼ੇ ’ਚ ਲੈ ਲਿਆ ਹੈ। ਉਂਜ ਮੁਲਜ਼ਮ ਦੀ ਪਤਨੀ ਨੂੰ ਪੁੱਛਗਿੱਛ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਸੀ। ਖੰਨਾ ਪੁਲੀਸ ਉਸ ਨੂੰ ਲਾਸ਼ ਦੀ ਪਛਾਣ ਕਰਵਾਉਣ ਲਈ ਸਿਵਲ ਹਸਪਤਾਲ ਵੀ ਲੈ ਕੇ ਗਈ ਸੀ।
ਦੋ ਸਾਲਾਂ ’ਚ ਬਣਾਈ ਲੱਖਾਂ ਦੀ ਜਾਇਦਾਦ, ਭਰਾ ਰਲ ਕੇ ਕਰਦੇ ਸਨ ਨਸ਼ਾ ਤਸਕਰੀ
ਸੇਵਾਮੁਕਤ ਬੱਸ ਡਰਾਈਵਰ ਦਾ ਲੜਕਾ ਗਗਨਦੀਪ ਸਿੰਘ ਤੇ ਉਸ ਦਾ ਪਰਿਵਾਰ ਖੰਨਾ ਦੇ ਦਿਲੀਪ ਨਗਰ ਇਲਾਕੇ ’ਚ ਪਹਿਲਾਂ ਇੱਕ ਕਿਰਾਏ ਦੇ ਮਕਾਨ ’ਚ ਰਹਿੰਦੇ ਸਨ। ਸੂਤਰਾਂ ਅਨੁਸਾਰ ਦੋਵੇਂ ਭਰਾ ਜਲਦੀ ਪੈਸੇ ਕਮਾਉਣ ਦੇ ਚੱਕਰ ’ਚ ਨਸ਼ਾ ਤਸਕਰੀ ’ਚ ਪੈ ਗਏ। ਗਗਨ ਦਾ ਭਰਾ ਵੀ ਨਸ਼ਾ ਤਸਕਰੀ ਦੇ ਦੋਸ਼ ’ਚ ਜੇਲ੍ਹ ਵਿਚ ਰਿਹਾ ਹੈ ਤੇ ਉਹ ਵੀ ਜ਼ਮਾਨਤ ’ਤੇ ਬਾਹਰ ਆਇਆ ਹੋਇਆ ਹੈ। ਇਲਾਕੇ ਦੇ ਲੋਕ ਵੀ ਉਨ੍ਹਾਂ ਦੀ ‘ਤਰੱਕੀ’ ਤੋਂ ਹੈਰਾਨ ਸਨ। ਵੇਰਵਿਆਂ ਮੁਤਾਬਕ ਦੋਵੇਂ ਭਰਾਵਾਂ ਦੇ ਸੰਪਰਕ ’ਚ ਨਾਇਜੀਰੀਅਨ ਨਾਗਰਿਕ ਵੀ ਸਨ, ਜੋ ਸਸਤੇ ਭਾਅ ’ਚ ਸ਼ਰਾਬ ਤਿਆਰ ਕਰ ਲੈਂਦੇ ਸਨ। ਦੋਵਾਂ ਨੇ ਉਨ੍ਹਾਂ ਤੋਂ ਇਹ ਫਾਰਮੂਲਾ ਵੀ ਲਿਆ।