ਸੰਤੋਖ ਗਿੱਲ
ਗੁਰੂਸਰ ਸੁਧਾਰ, 24 ਜੁਲਾਈ
ਦਿੱਲੀ ਦੀਆਂ ਸਰਹੱਦਾਂ ਉੱਪਰ ਅੱਠ ਮਹੀਨਿਆਂ ਤੋਂ ਜੂਝਦੇ ਕਿਸਾਨਾਂ ਵੱਲੋਂ ਭਾਰਤੀ ਸੰਸਦ ਭਵਨ ਨੇੜੇ ਜੰਤਰ-ਮੰਤਰ ਉੱਪਰ ਸ਼ੁਰੂ ਕੀਤੀ ਗਈ ‘ਕਿਸਾਨ ਸੰਸਦ’ ਅਤੇ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸ਼ੁਰੂ ਕੀਤੀ ਗਈ ‘ਕਿਸਾਨ ਸੰਸਦ’ ਦਾ ਅਸਰ ਦਿਖਾਈ ਦੇਣ ਲੱਗਿਆ ਹੈ। ਬੀਤੀ ਦੇਰ ਸ਼ਾਮ ਕਿਲ੍ਹਾ ਰਾਏਪੁਰ ਵਿੱਚ ਸਥਿਤ ਅਡਾਨੀਆਂ ਨੇ ਖ਼ੁਸ਼ਕ ਬੰਦਰਗਾਹ ਦੇ ਗੇਟ ਉੱਪਰ ਲੱਗਿਆ ਆਪਣੇ ਨਾਮ ਦਾ ਫੱਟਾ ਹੀ ਲਾਹ ਦਿੱਤਾ ਅਤੇ ਉੱਥੇ ਕੰਮ ਕਰਦੇ ਚਾਰ ਦਰਜਨ ਦੇ ਕਰੀਬ ਪੱਕੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਜਵਾਬ ਦੇ ਦਿੱਤਾ। ਇਸ ਸਬੰਧੀ ਸੰਪਰਕ ਕਰਨ ’ਤੇ ਖ਼ੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਦੇ ਮੁੱਖ ਇੰਚਾਰਜ ਰਵਿੰਦਰ ਸਿੰਘ ਨੇ ਕੰਪਨੀ ਵੱਲੋਂ ਇਸ ਬੰਦਰਗਾਹ ਨੂੰ ਬੰਦ ਕਰਨ ਦਾ ਖੰਡਨ ਕੀਤਾ ਹੈ ਪਰ ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਕਾਰਨ ਮੁੱਖ ਗੇਟ ਤੋਂ ਨਾਮ ਦਾ ਫੱਟਾ (ਸਾਈਨ ਬੋਰਡ) ਹਟਾ ਦਿੱਤਾ ਗਿਆ ਹੈ। ਉਨ੍ਹਾਂ ਫ਼ੋਨ ’ਤੇ ਕੁਝ ਹੋਰ ਕਹਿਣ ਤੋਂ ਅਸਮਰੱਥਾ ਪ੍ਰਗਟ ਕਰਦਿਆਂ ਕੰਮ ਵਾਲੇ ਦਿਨ ਸੋਮਵਾਰ ਨੂੰ ਰੂ-ਬ-ਰੂ ਗੱਲ ਕਰਨ ਲਈ ਸੱਦਾ ਦਿੱਤਾ ਹੈ।
ਭਰੋਸੇਯੋਗ ਸੂਤਰਾਂ ਅਨੁਸਾਰ ਅਦਾਲਤੀ ਸਹਾਰਾ ਲੈਣ ਦੇ ਬਾਵਜੂਦ ਅਤੇ ਪੰਜਾਬ ਸਰਕਾਰ ਵੱਲੋਂ ਆਸ ਅਨੁਸਾਰ ਹੁੰਗਾਰਾ ਨਾ ਮਿਲਣ ’ਤੇ ਕੰਪਨੀ ਨੇ ਇਸ ਖ਼ੁਸ਼ਕ ਬੰਦਰਗਾਹ ਨੂੰ ਚੋਰ ਮੋਰੀ ਰਾਹੀਂ ਚਲਾਉਣ ਦੇ ਹੀਲੇ ਆਰੰਭ ਦਿੱਤੇ ਹਨ। ਉਧਰ ਵਿਵਾਦਿਤ ਖੇਤੀ ਕਾਨੂੰਨਾਂ ਖ਼ਿਲਾਫ਼ ਮੋਰਚਾ ਲਾ ਕੇ ਬੈਠੇ ਸੰਯੁਕਤ ਕਿਸਾਨ ਮੋਰਚੇ ਅਤੇ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਜਗਤਾਰ ਸਿੰਘ ਚਕੋਹੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਅਤੇ ਸੁਰਜੀਤ ਸਿੰਘ ਸੀਲੋਂ ਨੇ ਖ਼ੁਸ਼ਕ ਬੰਦਰਗਾਹ ਤੋਂ ਛਾਂਟੀ ਕੀਤੇ ਮੁਲਾਜ਼ਮਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਾਰਪੋਰੇਟ ਘਰਾਣੇ ਵੱਲੋਂ ਕਿਰਤ ਕਾਨੂੰਨਾਂ ਦੀ ਅਵੱਗਿਆ ਕਰ ਕੇ ਬਿਨਾਂ ਨੋਟਿਸ, ਬਗ਼ੈਰ ਉੱਚਿਤ ਮੁਆਵਜ਼ਾ ਦਿੱਤੇ ਕਿਰਤੀਆਂ ਦੀ ਨੌਕਰੀ ਤੋਂ ਛਾਂਟੀ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ।
ਕਿਸਾਨ ਆਗੂਆਂ ਅਨੁਸਾਰ ਅਡਾਨੀ ਘਰਾਣੇ ਵੱਲੋਂ ਇਸ ਅਦਾਰੇ ਨੂੰ ਠੇਕੇ ਉੱਪਰ ਦੇ ਕੇ ਚਲਾਉਣ ਦੀਆਂ ਵਿਉਂਤਾਂ ਘੜੀਆਂ ਜਾ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਕਿਸਾਨ ਅਜਿਹੀਆਂ ਚਾਲਾਂ ਨੂੰ ਸਫ਼ਲ ਨਹੀਂ ਹੋਣ ਦੇਣਗੇ। ਉਨ੍ਹਾਂ ਦੁਹਰਾਇਆ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਅਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਤੱਕ ਮੋਰਚਾ ਜਾਰੀ ਰਹੇਗਾ। ਧਰਨਾਕਾਰੀਆਂ ਦੀ ਅਗਵਾਈ ਮਹਿੰਦਰ ਕੌਰ ਨੇ ਕੀਤੀ ਅਤੇ ਸੁਖਵਿੰਦਰ ਕੌਰ, ਮਨਜੀਤ ਕੌਰ, ਚਰਨਜੀਤ ਕੌਰ ਅਤੇ ਬਲਦੇਵ ਸਿੰਘ ਧੂਰਕੋਟ ਨੇ ਸੰਬੋਧਨ ਕੀਤਾ। ਛਾਂਟੀ ਕੀਤੇ ਮੁਲਾਜ਼ਮਾਂ ਨਾਲ ਗੱਲਬਾਤ ਕਰਨ ਦੇ ਯਤਨ ਸਫ਼ਲ ਨਹੀਂ ਹੋ ਸਕੇ ਕਿਉਂਕਿ ਕੰਪਨੀ ਵੱਲੋਂ ਭਾਰੀ ਦਬਾਅ ਕਾਰਨ ਉਹ ਹਾਲੇ ਮੂੰਹ ਖੋਲ੍ਹਣ ਲਈ ਤਿਆਰ ਨਹੀਂ ਹਨ।