ਮਹਿੰਦਰ ਸਿੰਘ ਰੱਤੀਆਂ
ਮੋਗਾ, 27 ਜੁਲਾਈ
ਪੰਜਾਬ ਪੁਲੀਸ ਦੇ ਏਡੀਜੀਪੀ (ਭਲਾਈ) ਵੱਲੋਂ ਜ਼ਿਲ੍ਹਾ/ਯੂਨਿਟਾਂ ’ਚ ਤਾਇਨਾਤ ਮੁਲਾਜ਼ਮਾਂ ਕੋਲੋਂ ਨਿਰਧਾਰਤ ਸਮੇਂ ਤੋਂ ਵੱਧ ਡਿਊਟੀ ਲੈਣ ਦਾ ਗੰਂਭੀਰ ਨੋਟਿਸ ਲਿਆ ਗਿਆ ਹੈ। ਪੰਜਾਬ ਪੁਲੀਸ ਮੁਖੀ ਦਿਨਕਰ ਗੁਪਤਾ ਵੱਲੋ ਜਨਵਰੀ-2020 ਤੋਂ ਮੁਲਾਜ਼ਮਾਂ ਦੀ ਤਾਇਨਾਤੀ ਅੱਠ ਘੰਟਿਆਂ ਲਈ ਸ਼ਿਫਟਾਂ ਦੇ ਆਧਾਰ ਉੱਤੇ ਕਰਕੇ ਨਿਯਮਿਤ ਹਫਤਾਵਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਸੀ। ਏਡੀਜੀਪੀ (ਭਲਾਈ)ਵੱਲੋਂ ਪੰਜਾਬ ਸਰਕਾਰ ਗ੍ਰਹਿ ਤੇ ਨਿਆਂ ਵਿਭਾਗ ਵੱਲੋਂ 21 ਮਈ 2018 ਨੂੰ ਜਾਰੀ ਪੱਤਰ ਦੇ ਹਵਾਲੇ ਨਾਲ ਪੰਜਾਬ ਪੁਲੀਸ ਸਮੂਹ ਦਫ਼ਤਰ ਮੁਖੀਆਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਐਮਰਜੰਸੀ ਹਾਲਾਤ ਨੂੰ ਛੱਡਕੇ ਮੁਲਾਜ਼ਮਾਂ ਕੋਲੋਂ ਡਿਊਟੀ ਤੈਅ ਸਮੇਂ ਤੋਂ ਵੱਧ ਨਾ ਲਈ ਜਾਵੇ। ਉਨ੍ਹਾਂ ਜਾਰੀ ਪੱਤਰ ’ਚ ਸਪਸ਼ਟ ਕੀਤਾ ਕਿ ਜ਼ਿਲ੍ਹਾ/ਯੂਨਿਟਾਂ ’ਚ ਤਾਇਨਾਤ ਮੁਲਾਜ਼ਮਾਂ ਕੋਲੋਂ ਨਿਰਧਾਰਤ ਸਮੇਂ ਤੋਂ ਵੱਧ ਡਿਊਟੀ ਲਈ ਜਾਂਦੀ ਹੈ। ਹਰਿਆਣਾ ’ਚ ਹਫ਼ਤਾਵਾਰੀ ਛੁੱਟੀ ਪਹਿਲਾਂ ਹੀ ਲਾਗੂ ਕੀਤੀ ਹੈ।