ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 27 ਅਗਸਤ
ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਹੁਕਮਾਂ ’ਤੇ ਅੱਜ ਨਾਹਰ ਨਾਥ ਚੇਲਾ ਮਹੰਤ ਵਿਕਰਮ ਨਾਥ ਨੂੰ ਡੇਰਾ ਸਿੱਧ ਬਾਬਾ ਸੁਲੱਖਣਨਾਥ ਹੁਸੈਨਪੁਰਾ-ਬਧੌਛੀ ਦਾ ਕਬਜ਼ਾ ਦਿਵਾਉਣ ਲਈ ਗਏ ਜ਼ਿਲ੍ਹਾ ਪ੍ਰਸ਼ਾਸਨ ਨੂੰ ਲੋਕਾਂ ਦੇ ਵਿਰੋਧ ਕਾਰਨ ਦੂਜੀ ਵਾਰ ਬੇਰੰਗ ਪਰਤਣਾ ਪਿਆ। ਜ਼ਿਲ੍ਹਾ ਪ੍ਰਸ਼ਾਸਨ ਪੁਲੀਸ ਕਪਤਾਨ ਤੇਜਿੰਦਰ ਸਿੰਘ ਸੰਧੂ, ਉਪ ਕਪਤਾਨ ਸੁਖਬੀਰ ਸਿੰਘ, ਰਮਿੰਦਰ ਸਿੰਘ ਕਾਹਲੋਂ, ਜੰਗਜੀਤ ਸਿੰਘ ਅਤੇ ਜਸਪਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਭਾਰੀ ਪੁਲੀਸ ਬਲ ਨਾਲ ਨਾਹਰ ਨਾਥ ਨੂੰ ਕਬਜ਼ਾ ਦਿਵਾਉਣ ਲਈ ਗਿਆ ਸੀ। ਕਬਜ਼ੇ ਦਾ ਵਿਰੋਧ ਕਰਨ ਲਈ ਵੱਡੀ ਗਿਣਤੀ ਵਿੱਚ ਲੋਕਾਂ, ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਲ ਸਨ, ਨੇ ਰਸਤੇ ਬੰਦ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਸੰਦੀਪ ਸਿੰਘ ਨਾਮ ਦੇ ਵਿਅਕਤੀ ਨੇ ਟਾਵਰ ’ਤੇ ਚੜ੍ਹ ਕੇ ਕਥਿਤ ਖ਼ੁਦਕੁਸ਼ੀ ਕਰਨ ਦੀ ਧਮਕੀ ਵੀ ਦਿੱਤੀ।
ਮੌਕੇ ’ਤੇ ਮੌਜੂਦ ਕੈਪਟਨ ਅਵਤਾਰ ਸਿੰਘ, ਸੰਦੀਪ ਬਧੌਛੀ, ਅਵਤਾਰ ਸਿੰਘ ਸਾਬਕਾ ਸਰਪੰਚ ਹੁਸੈਨਪੁਰਾ, ਜਗਦੀਪ ਸਿੰਘ ਹੁਸੈਨਪੁਰਾ, ਪਰਮਜੀਤ ਸਿੰਘ ਪੰਚ ਬਧੌਛੀ, ਕਰਨੈਲ ਸਿੰਘ, ਲਖਵੀਰ ਸਿੰਘ, ਰਣਜੀਤ ਸਿੰਘ, ਮਾਸਟਰ ਕਰਮਜੀਤ ਸਿੰਘ, ਮਨਜੀਤ ਸਿੰਘ ਪੰਚ ਬਧੌਛੀ, ਜਗਤਾਰ ਸਿੰਘ ਅਤੇ ਭਾਗ ਸਿੰਘ ਨੇ ਕਿਹਾ ਕਿ ਇਹ ਆਈ ਪੰਥੀ ਨਾਥ ਭੇਖ ਦਾ ਡੇਰਾ ਹੈ ਜਿੱਥੇ ਲੋਕਾਂ ਦੀ ਆਸਥਾ ਜੁੜੀ ਹੋਈ ਹੈ ਅਤੇ ਇੱਥੇ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਨਾਹਰ ਨਾਥ ਨੇ ਦੱਸਿਆ ਕਿ ਉਸ ਨੂੰ ਪ੍ਰਸ਼ਾਸਨ ਨੇ ਸਵੇਰੇ 5 ਵਜੇ ਰੁੜਕੀ ਬੱਸ ਸਟੈਂਡ ’ਤੇ ਬੁਲਾਇਆ ਸੀ, ਪਰ ਅਧਿਕਾਰੀ ਤਿੰਨ ਘੰਟੇ ਦੇਰੀ ਨਾਲ ਆਏ। ਉਨ੍ਹਾਂ ਦੋਸ਼ ਲਾਇਆ ਕਿ ਕਬਜ਼ੇ ਬਾਰੇ ਪਹਿਲਾ ਹੀ ਕਥਿਤ ਜਾਣਕਾਰੀ ਦੇ ਦਿੱਤੀ ਗਈ ਸੀ। ਉਸ ਨੇ ਦੋਸ਼ ਲਾਇਆ ਕਿ ਚਾਰ ਸਾਲ ਤੋਂ ਕਬਜ਼ਾ ਦਿਵਾਉਣ ਵਿਚ ਟਾਲ-ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਉਧਰ, ਮਹੰਤ ਵਿਕਰਮ ਨਾਥ ਨੇ ਕਿਹਾ ਕਿ ਲੋਕਾਂ ਦੀ ਸਹਿਮਤੀ ਨਾਲ ਹੀ ਉਹ ਇੱਥੇ ਸੇਵਾ ਕਰ ਰਿਹਾ ਹੈ। ਉਨ੍ਹਾਂ ਨੇ ਬਾਕੀ ਦੋਸ਼ਾਂ ਨੂੰ ਨਿਰਾਧਾਰ ਕਰਾਰ ਦਿੱਤਾ। ਐੱਸਡੀਐੱਮ ਹਰਪ੍ਰੀਤ ਸਿੰਘ ਅਟਵਾਲ ਅਤੇ ਤਹਿਸੀਲਦਾਰ ਬਾਦਲਦੀਨ ਨੇ ਕਿਹਾ ਕਿ ਕਮਿਸ਼ਨ ਦੇ ਹੁਕਮਾਂ ’ਤੇ ਉਹ ਕਬਜ਼ਾ ਦਿਵਾਉਣ ਲਈ ਗਏ ਸੀ, ਪਰ ਲੋਕਾਂ ਦੇ ਵਿਰੋਧ ਕਾਰਨ ਉਨ੍ਹਾਂ ਨੂੰ ਖ਼ਾਲੀ ਹੱਥ ਪਰਤਣਾ ਪਿਆ ਹੈ।