* ਪੰਜਾਬ ’ਚ ਧੁੰਦ ਦਾ ਕਹਿਰ ਜਾਰੀ
ਆਤਿਸ਼ ਗੁਪਤਾ
ਚੰਡੀਗੜ੍ਹ, 15 ਨਵੰਬਰ
ਪੰਜਾਬ ਵਿੱਚ ਕਈ ਦਿਨਾਂ ਤੋਂ ਹਵਾ ਦੀ ਗੁਣਵੱਤਾ (ਏਕਿਊਆਈ) ਬਹੁਤ ਮਾੜੀ ਚੱਲ ਰਹੀ ਸੀ, ਜਿਸ ਵਿੱਚ ਅੱਜ ਕੁਝ ਸੁਧਾਰ ਦਰਜ ਹੋਇਆ ਹੈ ਪਰ ਹਾਲੇ ਵੀ ਹਾਲਤ ਗੰਭੀਰ ਹੈ। ਇਸੇ ਦੇ ਨਾਲ ਹੀ ਅੱਜ ਪੰਜਾਬ ਦੀ ਹਵਾ ਗੁਆਂਢੀ ਸੂਬੇ ਹਰਿਆਣਾ ਤੇ ਰਾਜਧਾਨੀ ਨਾਲੋਂ ਸਾਫ਼ ਰਹੀ ਹੈ। ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਅਨੁਸਾਰ ਅੱਜ ਪੰਜਾਬ ਦਾ ਜਲੰਧਰ ਤੇ ਰੂਪਨਗਰ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਰਹੇ ਜਿੱਥੇ ਏਕਿਊਆਈ ਕ੍ਰਮਵਾਰ 241 ਤੇ 228 ਦਰਜ ਕੀਤਾ ਗਿਆ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ’ਚ ਸ਼ਾਮ ਹੁੰਦੇ ਹੋਏ ਹਵਾ ਦੀ ਗੁਣਵੱਤਾ ’ਚ ਮਾਮੂਲੀ ਸੁਧਾਰ ਹੋਇਆ।
ਉਧਰ ਪੰਜਾਬ ਵਿੱਚ ਅੱਜ ਵੀ ਧੁੰਦ ਦਾ ਕਹਿਰ ਜਾਰੀ ਰਿਹਾ ਹੈ। ਧੁੰਦ ਕਾਰਨ ਸੜਕਾਂ ’ਤੇ ਦੂਰ ਤੱਕ ਦਿੱਸਣ ਦੀ ਹੱਦ (ਵਿਜ਼ੀਬਿਲਟੀ) ਵੀ ਘਟ ਗਈ ਸੀ, ਜਿਸ ਕਰਕੇ ਲੋਕਾਂ ਨੂੰ ਵਾਹਨ ਚਲਾਉਣ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਪਟਿਆਲਾ ਵਿੱਚ ਧੁੰਦ ਵਧੇਰੇ ਸੰਘਣੀ ਰਹੀ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ’ਚ ਤਾਂ ਅੱਜ ਤੜਕੇ ਦਿੱਸਣ ਹੱਦ 200 ਤੋਂ 300 ਮੀਟਰ ਤੱਕ ਹੀ ਰਹਿ ਗਈ ਸੀ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਗਲੇ ਦੋ-ਤਿਨ ਦਿਨਾਂ ਵਿੱਚ ਕਿਣ-ਮਿਣ ਹੋਣ ਦੀ ਸੰਭਾਵਨਾ ਹੈ। ਅੱਜ ਪੰਜਾਬ ਦੇ ਅੰਮ੍ਰਿਤਸਰ ਦਾ ਏਕਿਊਆਈ 225, ਮੰਡੀ ਗੋਬਿੰਦਗੜ੍ਹ ਦਾ 203, ਲੁਧਿਆਣਾ ਦਾ 178, ਬਠਿੰਡਾ ’ਚ 186 ਤੇ ਪਟਿਆਲਾ ਵਿੱਚ 162 ਦਰਜ ਕੀਤਾ ਹੈ। ਚੰਡੀਗੜ੍ਹ ਵਿੱਚ ਔਸਤਨ ਏਕਿਊਆਈ 327 ਦਰਜ ਕੀਤਾ ਗਿਆ ਜਿੱਥੇ ਸੈਕਟਰ-25 ਵਿੱਚ ਏਕਿਊਆਈ 365, ਸੈਕਟਰ-22 ’ਚ 297 ਅਤੇ ਸੈਕਟਰ-53 ਵਿੱਚ 290 ਦਰਜ ਹੋਇਆ। ਦੂਜੇ ਪਾਸੇ ਗੁਆਂਢੀ ਸੂਬੇ ਹਰਿਆਣਾ ਦੇ ਗੁਰੂਗ੍ਰਾਮ ’ਚ ਏਕਿਊਆਈ 323, ਭਿਵਾਨੀ ਵਿੱਚ 346, ਜੀਂਦ ’ਚ 318, ਕਰਨਾਲ ’ਚ 313, ਕੈਥਲ ’ਚ 334, ਸੋਨੀਪਤ ’ਚ 304, ਬਹਾਦਰਗੜ੍ਹ ’ਚ 357, ਚਰਖੀ-ਦਾਦਰੀ ਵਿੱਚ 299, ਫਰੀਦਾਬਾਦ ’ਚ 268, ਹਿਸਾਰ ’ਚ 301 ਜਦਕਿ ਰੋਹਤਕ ’ਚ ਏਕਿਊਆਈ 321 ਦਰਜ ਕੀਤਾ ਹੈ।
ਇੱਕ ਦਿਨ ’ਚ 238 ਥਾਈਂ ਸਾੜੀ ਪਰਾਲੀ; ਹੁਣ ਤੱਕ 4,097 ਕੇਸ ਦਰਜ
ਪਟਿਆਲਾ (ਗੁਰਨਾਮ ਸਿੰਘ ਅਕੀਦਾ):
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਵੱਲੋਂ ਜਾਰੀ ਅੰਕੜਿਆਂ ਅਨੁਸਾਰ ਅੱਜ ਪੰਜਾਬ ਵਿੱਚ 238 ਥਾਵਾਂ ’ਤੇ ਪਰਾਲੀ ਸਾੜੀ ਗਈ। ਇਸ ਦੇ ਨਾਲ ਹੀ ਹੁਣ ਤੱਕ ਸੂਬੇ ’ਚ ਕਿਸਾਨਾਂ ਵੱਲੋਂ ਸਾੜੀ ਗਈ ਪਰਾਲੀ ਸਬੰਧੀ 4,097 ਕੇਸ ਦਰਜ ਹੋਏ ਅਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ 1,30,27,500 ਰੁਪਏ ਜੁਰਮਾਨਾ ਕੀਤਾ ਜਾ ਚੁੱਕਾ ਹੈ। ਪੀਪੀਸੀਬੀ ਦੇ ਚੇਅਰਮੈਨ ਆਦਰਸ਼ਪਾਲ ਵਿੱਗ ਨੇ ਕਿਹਾ ਕਿ ਅੱਜ ਪੰਜਾਬ ਵਿੱਚ 238 ਥਾਵਾਂ ’ਤੇ ਪਰਾਲੀ ਸਾੜੀ ਗਈ ਹੈ ਜਦਕਿ ਪਿਛਲੇ ਸਾਲ ਅੱਜ ਦੇ ਦਿਨ 2,544 ਥਾਵਾਂ ਤੇ ਪਰਾਲੀ ਸਾੜੀ ਗਈ ਸੀ।ਇਸ ਸਾਲ 15 ਸਤੰਬਰ ਤੋਂ 15 ਨਵੰਬਰ ਤੱਕ ਪਰਾਲੀ ਸਾੜਨ ਦੀਆਂ 7,864 ਘਟਨਾਵਾਂ ਵਾਪਰੀਆਂ ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ ਅੰਕੜਾ 30,661 ਸੀ। ਚੇਅਰਮੈਨ ਵਿਗ ਮੁਤਾਬਕ ਕਿਸਾਨਾਂ ਨੂੰ ਹੁਣ ਤੱਕ 1,30,27,500 ਰੁਪਏ ਜੁਰਮਾਨਾ ਕੀਤਾ ਗਿਆ ਅਤੇ 9,74,7500 ਰੁਪਏ ਦੀ ਵਸੂਲੀ ਵੀ ਕਰ ਲਈ ਗਈ ਹੈ। ਇਸ ਸਾਲ ਹੁਣ ਤੱਕ 4,097 ਐੱਫਆਈਆਰ ਦਰਜ ਕੀਤੀਆਂ ਗਈਆਂ ਤੇ 3,842 ਕਿਸਾਨਾਂ ਨੂੰ ਰੈੱਡ ਐਂਟਰੀ ਅਧੀਨ ਲਿਆਂਦਾ ਗਿਆ।