ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 3 ਜੁਲਾਈ
ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਕਰੋਨਾ ਦੌਰਾਨ ਅਗਲੀ ਕਤਾਰ ਵਿਚ ਕੰਮ ਕਰ ਰਹੇ ਰੈਜ਼ੀਡੈਂਟ ਡਾਕਟਰਾਂ ਦੇ ਵਜ਼ੀਫ਼ੇ ਦੀ ਰਕਮ ਵਿਚ ਵਾਧਾ ਕੀਤਾ ਜਾਵੇ ਅਤੇ ਉਨ੍ਹਾਂ ਦੀਆਂ ਫੀਸਾਂ ਮੁਆਫ਼ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਸੂਬੇ ਦੇ ਮੈਡੀਕਲ ਕਾਲਜਾਂ ਵਿਚ ਐੱਮਬੀਬੀਐੱਸ ਕੋਰਸ ਦੀਆਂ ਫੀਸਾਂ ਬਹੁਤ ਵੱਧ ਹਨ। ਜਦੋਂਕਿ ਰੈਜ਼ੀਡੈਂਟ ਡਾਕਟਰਾਂ ਨੂੰ ਦੂਜੇ ਸੂਬਿਆਂ ਦੇ ਮੁਕਾਬਲੇ ਵਜ਼ੀਫ਼ੇ ਦੀ ਰਕਮ ਬਹੁਤ ਘੱਟ ਦਿੱਤੀ ਜਾ ਰਹੀ ਹੈ। ਹੋਰਨਾਂ ਸੂਬਿਆਂ ਦੇ ਮੁਕਾਬਲੇ ਇਥੇ ਹੋਸਟਲ ਦੇ ਖਰਚੇ ਵੀ ਵਧੇਰੇ ਵਸੂਲੇ ਜਾ ਰਹੇ ਹਨ। ਉਨ੍ਹਾਂ ਨਾਲ ਹਾਜ਼ਰ ਜੂਨੀਅਰ ਰੈਜ਼ੀਡੈਂਟ ਡਾਕਟਰਾਂ ਨੇ ਦੱਸਿਆ ਕਿ ਪੰਜਾਬ ਵਿਚ ਅੰਮ੍ਰਿਤਸਰ , ਪਟਿਆਲਾ ਅਤੇ ਫਰੀਦਕੋਟ ਵਿੱਚ ਸਰਕਾਰੀ ਮੈਡੀਕਲ ਕਾਲਜਾਂ ਵਿਚ ਕੰਮ ਕਰ ਰਹੇ ਰੈਜ਼ੀਡੈਂਟ ਡਾਕਟਰਾਂ ਕੋਲੋਂ 2 ਲੱਖ ਰੁਪਏ ਸਾਲਾਨਾ ਫੀਸ ਲਈ ਜਾ ਰਹੀ ਹੈ। ਗੁਆਂਢੀ ਰਾਜਾਂ ਵਿਚ ਇਹ ਫੀਸ 20 ਤੋਂ 40 ਹਜ਼ਾਰ ਰੁਪਏ ਸਾਲਾਨਾ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੋਸਟਲ ਦੀ ਫੀਸ ਤਿੰਨ ਸਾਲਾਂ ਲਈ 6 ਲੱਖ ਰੁਪਏ ਲਈ ਜਾ ਰਹੀ ਹੈ, ਜਦੋਂਕਿ ਗੁਆਂਢੀ ਰਾਜਾਂ ਵਿਚ ਤਿੰਨ ਸਾਲਾਂ ਲਈ ਹੋਸਟਲ ਫੀਸ ਇਕ ਲੱਖ ਰੁਪਏ ਹੈ। ਅਕਾਲੀ ਆਗੂ ਨੇ ਸਿਹਤ ਸੇਵਾਵਾਂ ਵਿਚ ਘਪਲਿਆਂ ਦਾ ਮਾਮਲਾ ਉਭਾਰਦਿਆਂ ਕਿਹਾ ਕਿ ਪੀਪੀਈ ਕਿੱਟਾਂ ਦੇ ਮਾਮਲੇ ਵਿਚ ਕਈ ਮਹੀਨੇ ਲੰਘਣ ਮਗਰੋਂ ਵੀ ਜਾਂਚ ਮੁਕੰਮਲ ਨਹੀਂ ਹੋਈ। ਉਨ੍ਹਾਂ ਦੋਸ਼ ਲਾਇਆ ਕਿ ਕਰੋਨਾ ਸਬੰਧੀ ਗਲਤ ਰਿਪੋਰਟਾਂ ਦੇਣ ਵਾਲੀ ਪ੍ਰਾਈਵੇਟ ਲੈਬ ਅਤੇ ਪ੍ਰਾਈਵੇਟ ਹਸਪਤਾਲ ਖ਼ਿਲਾਫ਼ ਕੇਸ ਦਰਜ ਹੋਣ ਮਗਰੋਂ 15 ਦਿਨ ਬੀਤ ਚੁੱਕੇ ਹਨ ਪਰ ਹੁਣ ਤਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਇਸ ਦੌਰਾਨ ਉਨ੍ਹਾਂ ਇਕ ਹੋਰ ਪ੍ਰਾਈਵੇਟ ਹਸਪਤਾਲ ’ਤੇ ਦੋਸ਼ ਲਾਇਆ ਕਿ ਗਰੀਬ ਪਰਿਵਾਰ ਕੋਲੋਂ ਉਸ ਦੇ ਨੌਜਵਾਨ ਲੜਕੇ ਦੇ ਇਲਾਜ ਲਈ 5 ਲੱਖ 93 ਹਜ਼ਾਰ ਰੁਪਏ ਵਸੂਲੇ ਗਏ ਪਰ ਉਸ ਦੀ ਬਾਂਹ ਵੀ ਨਹੀਂ ਬਚਾਅ ਸਕੇ।