ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਨਵੰਬਰ
ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਇਕ ਪਾਸੇ ਪੰਜਾਬ ਦੇ ਕਿਸਾਨ ਪਰਿਵਾਰਾਂ ਸਣੇ ਦਿੱਲੀ ਜਾਣ ਲਈ ਕੜਾਕੇ ਦੀ ਠੰਢ ’ਚ ਸੰਘਰਸ਼ ਕਰ ਰਹੇ ਹਨ ਤੇ ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਸਾਬਕਾ ਮੰਤਰੀ ਨਵਜੋਤ ਸਿੱਧ ਸਿੱਧੂ ਨੂੰ ਸ਼ਾਹੀ ਦਾਅਵਤਾਂ ਦੇ ਰਹੇ ਸਨ। ਮੁੱਖ ਮੰਤਰੀ ਦੇ ਇਸ ਅਸੰਵੇਦਨਸ਼ੀਲ ਰਵੱਈਏ ਦੀ ਤੁਲਨਾ ਬਾਦਸ਼ਾਹ ਨੀਰੋ ਨਾਲ ਕਰਦਿਆਂ ਸਾਬਕਾ ਮੰਤਰੀ ਤੇ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਆਪਣੇ ਸਾਰੇ ਰੁਝੇਵੇਂ ਰੱਦ ਕਰ ਕੇ ਕਿਸਾਨਾਂ ਨਾਲ ਕਿਸੇ ਤਰੀਕੇ ਦਾ ਵੀ ਹਰਿਆਣਾ ਪੁਲੀਸ ਦੇ ਹੱਥੋਂ ਵਹਿਸ਼ੀਆਨਾ ਵਿਵਹਾਰ ਨਾ ਹੋਣਾ ਯਕੀਨੀ ਬਣਾਉਣ ਦੀ ਥਾਂ ਮੁੱਖ ਮੰਤਰੀ ਨੇ ਆਪਣੇ ਸਾਬਕਾ ਮੰਤਰੀ ਨੂੰ ਸ਼ਾਹੀ ਦਾਅਵਤ ਦੇਣ ਦੀ ਪਹਿਲ ਦਿੱਤੀ। ਡਾ. ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਦੀ ਪੀੜਾ ਪ੍ਰਤੀ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਕਿਸਾਨ ਦਿੱਲੀ ਜਾਣ ਲੱਗੇ ਤਾਂ ਹਰਿਆਣਾ ਦੀ ਸਰਹੱਦ ’ਤੇ ਉਨ੍ਹਾਂ ’ਤੇ ਪਾਣੀ ਦੀਆਂ ਬੁਛਾੜਾਂ ਵਰ੍ਹਾਈਆਂ ਗਈਆਂ। ਮੁੱਖ ਮੰਤਰੀ ਹੁੰਦਿਆਂ ਕੈਪਟਨ ਦਾ ਫਰਜ਼ ਬਣਦਾ ਸੀ ਕਿ ਉਹ ਇਹ ਮਾਮਲਾ ਕੇਂਦਰ ਸਰਕਾਰ ਕੋਲ ਚੁੱਕਦੇ ਅਤੇ ਕਿਸਾਨਾਂ ਦੀ ਸੁਰੱਖਿਆ ਯਕੀਨੀ ਬਣਾਉਂਦੇ ਪਰ ਉਨ੍ਹਾਂ ਸ਼ਾਹੀ ਦਾਅਵਤ ਵਿੱਚ ਰੁੱਝੇ ਰਹਿਣ ਨੂੰ ਪਹਿਲ ਦਿੱਤੀ।