ਰਵੇਲ ਸਿੰਘ ਭਿੰਡਰ
ਪਟਿਆਲਾ, 18 ਜੂਨ
ਬਸਪਾ ਮਗਰੋਂ ਸ਼੍ਰੋਮਣੀ ਅਕਾਲੀ ਦਲ ਹੁਣ ਖੱਬੇ ਪੱਖੀ ਮੁਹਾਜ਼ ਨਾਲ ਵੀ ਸਾਂਝ ਪਾਉਣ ਦੀ ਤਿਆਰੀ ਵਿੱਚ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਕਾਲੀ ਦਲ ਵੱਲੋਂ ਆਉਂਦੇ ਦਿਨੀਂ ਸੀਪੀਆਈ ਤੇ ਸੀਪੀਐੱਮ ਨਾਲ ਗੱਠਜੋੜ ਦਾ ਐਲਾਨ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਅਕਾਲੀ ਦਲ ਨੇ 20 ਸੀਟਾਂ ਬਸਪਾ ਹਵਾਲੇ ਕਰ ਦਿੱਤੀਆਂ ਹਨ। ਭਾਵੇਂ ਸਮਝਿਆ ਜਾ ਰਿਹਾ ਹੈ ਕਿ ਅਕਾਲੀ ਦਲ ਵੱਲੋਂ ਭਾਜਪਾ ਦੀ ਭਰਪਾਈ ਕੀਤੀ ਜਾ ਰਹੀ ਹੈ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਅਕਾਲੀ ਸਿਆਸੀ ਸੁਰੱਖਿਆ ਲਈ ਦੌੜ-ਭੱਜ ਕਰ ਰਹੇ ਹਨ। ਸੂਤਰਾਂ ਅਨੁਸਾਰ ਬਸਪਾ ਮਗਰੋਂ ਹੁਣ ਅਕਾਲੀ ਦਲ ਦੀ ਸੀਪੀਆਈ ਅਤੇ ਸੀਪੀਐੱਮ ਨਾਲ ਗੱਠਜੋੜ ਦੀ ਗੱਲ ਲਗਪਗ ਸਿਰੇ ਲੱਗ ਗਈ ਹੈ। ਦੋਹਾਂ ਧਿਰਾਂ ਵੱਲੋਂ ਸਿਰਫ ਐਲਾਨ ਹੋਣਾ ਹੀ ਬਾਕੀ ਹੈ। ਉਂਜ ਹਾਲੇ ਇਹ ਸਾਫ਼ ਨਹੀਂ ਕਿ ਖੱਬੇ ਪੱਖੀਆਂ ਨੂੰ ਅਕਾਲੀ ਦਲ ਕਿੰਨੀਆਂ ਸੀਟਾਂ ਛੱਡੇਗਾ। ਬਸਪਾ ਦੀ ਵੰਡ ਮਗਰੋਂ ਅਕਾਲੀ ਦਲ ਕੋਲ 97 ਸੀਟਾਂ ਬਾਕੀ ਹਨ। ਸੂਤਰਾਂ ਦਾ ਕਹਿਣਾ ਹੈ ਕਿ ਪੰਜ ਸੀਟਾਂ ਤੱਕ ਇਹ ਸਮਝੌਤਾ ਹੋ ਸਕਦਾ ਹੈ।
ਖੱਬੇ ਪੱਖੀਆਂ ਨੂੰ ਤਿੰਨ ਤੋਂ ਪੰਜ ਸੀਟਾਂ ਦੇਣ ਦੀ ਸੰਭਾਵਨਾ: ਬਰਾੜ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਵੀ ਮੰਨਿਆ ਕਿ ਅਕਾਲੀ ਦਲ ਦੀ ਖੱਬੇ ਪੱਖੀ ਪਾਰਟੀਆਂ ਨਾਲ ਗੱਠਜੋੜ ਦੀ ਗੱਲਬਾਤ ਜਾਰੀ ਹੈ। ਇਸ ਸਬੰਧੀ ਅਗਲੇ ਦਿਨਾਂ ’ਚ ਹਾਂ ਪੱਖੀ ਫੈਸਲਾ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਮੁਤਾਬਕ ਖੱਬੇ ਪੱਖੀ ਦੋਵੇਂ ਧਿਰਾਂ ਨੂੰ ਤਿੰਨ ਤੋਂ ਪੰਜ ਸੀਟਾਂ ਦਿੱਤੀਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਆਖਰੀ ਫ਼ੈਸਲਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲਿਆ ਜਾਵੇਗਾ।