ਮਹਿੰਦਰ ਸਿੰਘ ਰੱਤੀਆਂ
ਮੋਗਾ, 22 ਫਰਵਰੀ
ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਉਮੀਦਵਾਰਾਂ ਦਾ ਖੁੱਲ੍ਹੇੇਆਮ ਜਾਂ ਅੰਦਰੂਨੀ ਵਿਰੋਧ ਕਰਨ ਵਾਲੇ ਆਗੂਆਂ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਅਕਾਲੀ ਦਲ ਨੇ ਅੱਜ ਇੱਥੋਂ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਜੈਨ ਅਤੇ ਉਨ੍ਹਾਂ ਦੇ ਪੁੱਤਰ ਸਾਬਕਾ ਮੇਅਰ ਅਕਸ਼ਿਤ ਜੈਨ, ਸਾਬਕਾ ਜ਼ਿਲ੍ਹਾ ਯੂਥ ਪ੍ਰਧਾਨ ਜਗਦੀਪ ਸਿੰਘ ਗਟਰਾ, ਸਾਬਕਾ ਯੂਥ ਮੀਤ ਪ੍ਰਧਾਨ ਪਰਗਟ ਸਿੰਘ ਕੋਰੇਵਾਲਾ ਅਤੇ ਸਾਬਕਾ ਕੌਂਸਲਰ ਵੀਰਭਾਨ ਦਾਨਵ ਸਮੇਤ ਕਈ ਹੋਰ ਆਗੂਆਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ।
ਵਿਧਾਨ ਸਭਾ ਹਲਕਾ ਮੋਗਾ ਤੋਂ ਅਕਾਲੀ ਦਲ ਦੇ ਉਮੀਦਵਾਰ ਬਰਜਿੰਦਰ ਸਿੰਘ ਮੱਖਣ ਬਰਾੜ ਦੇ ਘਰ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਬਾਘਾਪੁਰਾਣਾ ਤੋਂ ਉਮੀਦਵਾਰ ਤੀਰਥ ਸਿੰਘ ਮਾਹਲਾ ਤੇ ਸ਼ਹਿਰੀ ਪ੍ਰਧਾਨ ਪ੍ਰੇਮ ਚੰਦ ਚੱਕੀਵਾਲਾ ਨੇ ਪ੍ਰੈੱਸ ਕਾਨਫਰੰਸ ਕਰਕੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਜੈਨ ਅਤੇ ਉਸ ਦੇ ਪੁੱਤਰ ਸਾਬਕਾ ਮੇਅਰ ਅਕਸ਼ਿਤ ਜੈਨ ਤੇ ਹੋਰਾਂ ਨੂੰ ਅਕਾਲੀ ਦਲ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਵਿੱਚੋਂ ਕੱਢਣ ਦਾ ਐਲਾਨ ਕੀਤਾ।
ਉਨ੍ਹਾਂ ਜੈਨ ਪਰਿਵਾਰ ’ਤੇ ਮੋਗਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਦੇ ਹੱਕ ਵਿੱਚ ਕੰਮ ਕਰਨ ਅਤੇ ਸਾਬਕਾ ਜ਼ਿਲ੍ਹਾ ਯੂਥ ਪ੍ਰਧਾਨ ਜਗਦੀਪ ਸਿੰਘ ਗਟਰਾ ’ਤੇ ਹਲਕਾ ਬਾਘਾਪੁਰਾਣਾ ਵਿੱਚ ਪਾਰਟੀ ਉਮੀਦਵਾਰ ਦੀ ਮੁਖਾਫ਼ਲਤ ਕਰਨ ਦਾ ਦੋਸ਼ ਲਗਾਇਆ। ਇੱਥੇ 20 ਫਰਵਰੀ ਨੂੰ ਵੋਟਾਂ ਵਾਲੇ ਦਿਨ ਅਕਾਲੀ ਉਮੀਦਵਾਰ ਬਰਜਿੰਦਰ ਸਿੰਘ ਮੱਖਣ ਬਰਾੜ ਅਤੇ ਸਾਬਕਾ ਅਕਾਲੀ ਮੇਅਰ ਅਕਸ਼ਿਤ ਜੈਨ ਦੀ ਕਾਂਗਰਸੀ ਸਮਰਥਕ ਸਾਬਕਾ ਕੌਂਸਲਰ ਅਮਰੀਸ਼ ਕੁਮਾਰ ਬੱਗਾ ਨਾਲ ਬਹਿਸ ਹੋਈ ਸੀ। ਇਸ ਮੌਕੇ ਪੁਲੀਸ ਨੇ ਦੋਵਾਂ ਧਿਰਾਂ ਨੂੰ ਪਾਸੇ ਕਰਕੇ ਮਾਹੌਲ ਨੂੰ ਸ਼ਾਂਤ ਕੀਤਾ ਸੀ। ਸਾਬਕਾ ਜ਼ਿਲ੍ਹਾ ਯੂਥ ਅਕਾਲੀ ਦਲ ਪ੍ਰਧਾਨ ਜਗਦੀਪ ਸਿੰਘ ਗਟਰਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ’ਚ ਸ਼ਾਮਲ ਹੋ ਗਏ ਸਨ ਅਤੇ ਚੋਣਾਂ ਦੌਰਾਨ ਮੁੜ ਅਕਾਲੀ ਦਲ ਵਿੱਚ ਵਾਪਸੀ ਕਰ ਲਈ ਸੀ।
ਜ਼ਿਕਰਯੋਗ ਹੈ ਕਿ ਸਾਬਕਾ ਵਿਧਾਇਕ ਜੋਗਿੰਦਰ ਪਾਲ ਜੈਨ ਪੁਰਾਣੇ ਸਿਆਸਤ ਦਾਨ ਹਨ ਅਤੇ ਸਿਹਤ ਨਾਸਾਜ਼ ਰਹਿਣ ਕਾਰਨ ਕਈ ਸਾਲਾਂ ਤੋਂ ਉਨ੍ਹਾਂ ਦੀਆਂ ਸਿਆਸੀ ਸਰਗਰਮੀਆਂ ਠੱਪ ਹਨ। ਸਾਲ 2007 ’ਚ ਜੋਗਿੰਦਰ ਪਾਲ ਜੈਨ ਕਾਂਗਰਸ ਟਿਕਟ ’ਤੇ ਇੱਥੋਂ ਵਿਧਾਇਕ ਚੁਣੇ ਗਏ ਪਰ ਸਰਕਾਰ ਅਕਾਲੀ ਦਲ ਦੀ ਬਣ ਗਈ। ਸਾਲ 2012 ਦੀਆਂ ਚੋਣਾਂ ਵਿੱਚ ਉਹ ਮੁੜ ਕਾਂਗਰਸ ਦੀ ਟਿਕਟ ’ਤੇ ਚੁਣੇ ਗਏ ਅਤੇ ਸੂਬੇ ਵਿੱਚ ਸਰਕਾਰ ਅਕਾਲੀ ਦਲ ਦੀ ਬਣੀ। ਉਨ੍ਹਾਂ ਕਰੀਬ 9 ਮਹੀਨੇ ਬਾਅਦ ਨਵੰਬਰ, 2012 ਵਿੱਚ ਕਾਂਗਰਸ ਛੱਡ ਕੇ ਅਕਾਲੀ ਦਲ ਦਾ ਪੱਲਾ ਫੜ ਲਿਆ ਅਤੇ ਜਨਵਰੀ, 2013 ਦੀ ਜ਼ਿਮਨੀ ਚੋਣ ਵਿੱਚ ਉਹ ਅਕਾਲੀ ਦਲ ਦੀ ਟਿਕਟ ’ਤੇ ਵਿਧਾਇਕ ਚੁਣੇ ਗਏ ਪਰ ਸਾਲ 2017 ਵਿੱਚ ਉਨ੍ਹਾਂ ਪਹਿਲਾਂ ਹੀ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ।
ਕਾਂਗਰਸ ਨੇ ਚਾਰ ਆਗੂਆਂ ਨੂੰ ਬਾਹਰ ਦਾ ਰਾਹ ਦਿਖਾਇਆ
ਜਲੰਧਰ (ਪਾਲ ਸਿੰਘ ਨੌਲੀ): ਚੋਣਾਂ ਖਤਮ ਹੋਣ ਤੋਂ ਬਾਅਦ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਵਾਲੇ ਆਗੂਆਂ ਵਿਰੁੱਧ ਕਾਂਗਰਸ ਨੇ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਬਲਰਾਜ ਠਾਕੁਰ ਨੇ ਚਾਰ ਆਗੂਆਂ ਨੂੰ ਪਾਰਟੀ ’ਚੋਂ ਬਾਹਰ ਦਾ ਰਾਹ ਦਿਖਾ ਦਿੱਤਾ ਹੈ, ਜਦਕਿ ਇੱਕ ਆਗੂ ਨੂੰ ਅਨੁਸ਼ਾਸਨ ਭੰਗ ਕਰਨ ਦਾ ਨੋਟਿਸ ਕੱਢਿਆ ਗਿਆ ਹੈ। ਬਲਰਾਜ ਠਾਕੁਰ ਨੇ ਦੱਸਿਆ ਕਿ ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਰਾਜਿੰਦਰ ਬੇਰੀ ਵਿਰੁੱਧ ਸੋਸ਼ਲ ਮੀਡੀਆ ’ਤੇ ਮੁਹਿੰਮ ਚਲਾਈ ਜਾ ਰਹੀ ਸੀ, ਜਿਸ ’ਤੇ ਕਾਰਵਾਈ ਕਰਦਿਆਂ ਅਜੈ ਬਿੰਦਰਾ ਨੂੰ ਨੋਟਿਸ ਭੇਜਿਆ ਗਿਆ ਹੈ। ਉਸ ਨੂੰ ਇੱਕ ਹਫ਼ਤੇ ’ਚ ਲਿਖਤੀ ਜਵਾਬ ਦੇਣ ਲਈ ਕਿਹਾ ਗਿਆ ਹੈ। ਜੇਕਰ ਉਸ ਦਾ ਜਵਾਬ ਨਹੀਂ ਆਉਂਦਾ ਤਾਂ ਉਸ ਨੂੰ ਛੇ ਸਾਲਾਂ ਲਈ ਪਾਰਟੀ ’ਚੋਂ ਕੱਢ ਦਿੱਤਾ ਜਾਵੇਗਾ। ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਬਲਰਾਜ ਠਾਕੁਰ ਨੇ ਦੱਸਿਆ ਕਿ ਕੇਂਦਰੀ ਵਿਧਾਨ ਸਭਾ ਹਲਕੇ ਦੇ ਹੀ ਗੌਰਵ ਅਰੋੜਾ ਤੇ ਸੋਮਨਾਥ ਵਿਰੁੱਧ ਵੀ ਕਾਰਵਾਈ ਕੀਤੀ ਗਈ ਹੈ। ਇਸੇ ਤਰ੍ਹਾਂ ਜਲੰਧਰ ਛਾਉਣੀ ਹਲਕੇ ਦੇ ਰਾਜਦੀਪ ਤੂਰ ਤੇ ਰਾਜੀਵ ਕੱਕੜ ਵਿਰੁੱਧ ਵੀ ਕਾਰਵਾਈ ਕੀਤੀ ਹੈ। ਉਨ੍ਹਾਂ ਦੱਸਿਆ ਕਿ ਰਾਜੀਵ ਕੱਕੜ ਚੋਣ ਮੁਹਿੰਮ ਦੇ ਦੌਰਾਨ ਹੀ ਪਾਰਟੀ ਛੱਡ ਕੇ ਅਕਾਲੀ ਦਲ ਵਿਚ ਚਲਾ ਗਿਆ ਸੀ, ਜਦਕਿ ਗੌਰਵ ਅਰੋੜਾ ਨੇ ਆਮ ਆਦਮੀ ਪਾਰਟੀ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ ਸੀ। ਚੁਗਿੱਟੀ ਦੇ ਰਹਿਣ ਵਾਲਾ ਸੋਮ ਨਾਥ ਵੀ ਵੋਟਾਂ ਤੋਂ ਐਨ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋ ਗਿਆ ਸੀ। ਹਾਲਾਂਕਿ ਰਾਜੀਵ ਕੱਕੜ ਤੇ ਸੋਮਨਾਥ ਆਪਣੇ ਆਪ ਨੂੰ ਟਕਸਾਲੀ ਕਾਂਗਰਸੀ ਹੋਣ ਦਾ ਦਮ ਭਰਦੇ ਰਹੇ ਸਨ। ਰਾਜੀਵ ਅਤੇ ਰਾਜਦੀਪ ਤਾਂ ਪਾਰਟੀ ’ਚ ਸੂਬਾ ਪੱਧਰੀ ਆਗੂ ਸਨ। ਬਲਰਾਜ ਠਾਕੁਰ ਨੇ ਕਿਹਾ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਇਨ੍ਹਾਂ ਆਗੂਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੂਜੀਆਂ ਰਾਜਨੀਤਿਕ ਪਾਰਟੀਆਂ ਨੇ ਵੀ ਉਮੀਦਵਾਰਾਂ ਵਿਰੁੱਧ ਕੰਮ ਕਰਨ ਵਾਲੇ ਆਗੂਆਂ ਨੂੰ ਛਾਂਟਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਤੇ ਉਨ੍ਹਾਂ ਦੀਆਂ ਸੂਚੀਆਂ ਬਣਾਈਆਂ ਜਾ ਰਹੀਆਂ ਹਨ।