ਰਵਿੰਦਰ ਰਵੀ
ਬਰਨਾਲਾ, 23 ਜੂਨ
ਸ਼ਹਿਰ ਦੀ ਰਾਮ ਰਾਜਿਆ ਕਲੋਨੀ ਦੀ 353 ਨੰਬਰ ਕੋਠੀ ਵਿੱਚ ਬੀਤੀ ਰਾਤ ਯੂਥ ਅਕਾਲੀ ਆਗੂ ਕੁਲਵਿੰਦਰ ਸਿੰਘ ਮਾਨ ਨੇ ਆਪਣੀ ਸੇਵਾਮੁਕਤ ਅਧਿਆਪਕ ਮਾਂ ਬਲਵੰਤ ਕੌਰ, ਧੀ ਨਿਮਰਤ ਕੌਰ ਅਤੇ ਪਾਲਤੂ ਕੁੱਤੇ ਨੂੰ ਗੋਲੀਆਂ ਮਾਰਨ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਕੇ ਖਤਮ ਕਰ ਲਿਆ ਸੀ। ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਡੀਐੱਸਪੀ ਸਤਵੀਰ ਸਿੰਘ ਬੈਂਸ ਨੇ ਦੱਸਿਆ ਕਿ ਮ੍ਰਿਤਕ ਕੁਲਵਿੰਦਰ ਸਿੰਘ ਦਾ ਮਾਨਸਿਕ ਪ੍ਰੇਸ਼ਾਨੀ ਕਾਰਨ ਅਪਰੇਸ਼ਨ ਵੀ ਹੋਇਆ ਸੀ। ਉਨ੍ਹਾਂ ਕਿਹਾ ਕਿ ਪੁਲੀਸ ਫਿਰ ਵੀ ਹਰ ਪਹਿਲੂ ਤੋਂ ਬਰੀਕੀ ਨਾਲ ਜਾਂਚ ਕਰ ਰਹੀ ਹੈ। ਪੁਲੀਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨ ’ਤੇ 174 ਦੀ ਕਾਰਵਾਈ ਕਰਦਿਆਂ ਤਿੰਨੋਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਿਸਾਂ ਦੇ ਹਵਾਲੇ ਕਰ ਦਿੱਤੀਆਂ ਹਨ। ਕਲੋਨੀ ’ਚ ਰਹਿਣ ਵਾਲੇ ਉਸ ਦੇ ਗੁਆਂਢੀਆਂ ਅਤੇ ਉਸ ਦੇ ਦੋਸਤਾਂ ਦੇ ਦੱਸਣ ਮੁਤਾਬਕ ਕੁਲਵਿੰਦਰ ਸਿੰਘ ਮਾਨ ਬਹੁਤ ਹੀ ਮਿਲਾਪੜੇ ਸੁਭਾਅ ਦਾ ਸੀ ਤੇ ਆਪਣੀ ਬੇਟੀ ਨਿਮਰਤ ਕੌਰ ਨੂੰ ਬਹੁਤ ਹੀ ਪਿਆਰ ਕਰਦਾ ਸੀ। ਮ੍ਰਿਤਕ ਦੀ ਧੀ ਨਿਮਰਤ ਕੌਰ ਕੈਨੇਡਾ ਤੋਂ ਛੁੱਟੀਆਂ ਹੋਣ ਕਾਰਨ ਮਾਪਿਆਂ ਨੂੰ ਮਿਲਣ ਆਈ ਹੋਈ ਸੀ।
ਪਰਿਵਾਰਕ ਮੈਂਬਰਾਂ ਵੱਲੋਂ ਤਿੰਨੋਂ ਮ੍ਰਿਤਕਾਂ ਦਾ ਸਸਕਾਰ ਕਰ ਦਿੱਤਾ ਗਿਆ ਹੈ। ਸਸਕਾਰ ਮੌਕੇ ਰਾਜਸੀ ਆਗੂ, ਸ਼ਹਿਰ ਦੀਆਂ ਸਮਾਜ ਸੇਵੀ, ਧਾਰਮਿਕ ਅਤੇ ਹੋਰ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ’ਚ ਲੋਕਾਂ ਨੇ ਸ਼ਮੂਲੀਅਤ ਕੀਤੀ।