ਆਤਿਸ਼ ਗੁਪਤਾ
ਚੰਡੀਗੜ੍ਹ, 1 ਫਰਵਰੀ
ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਹਰਿਆਣਾ ਦੀਆਂ ਵੱਡੀ ਗਿਣਤੀ ਵਿੱਚ ਖਾਪ ਪੰਚਾਇਤਾਂ ਇਕ ਹੋ ਗਈਆਂ ਹਨ। ਉਨ੍ਹਾਂ ਹਰਿਆਣਾ ਵਿੱਚ ਭਾਜਪਾ ਅਤੇ ਜਨ-ਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਆਗੂਆਂ ਦਾ ਬਾਈਕਾਟ ਕਰਦਿਆਂ ਪਿੰਡਾਂ ਵਿੱਚ ਦਾਖ਼ਲੇ ’ਤੇ ਪਾਬੰਦੀ ਲਗਾ ਦਿੱਤੀ ਹੈ। ਸੂਬੇ ਵਿੱਚ ਪਹਿਲਾਂ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨੇ ਭਾਜਪਾ ਅਤੇ ਜੇਜੇਪੀ ਦਾ ਬਾਈਕਾਟ ਕਰਕੇ ਪਿੰਡਾਂ ਵਿੱਚ ਦਾਖ਼ਲੇ ’ਤੇ ਪਾਬੰਦੀ ਲਗਾ ਦਿੱਤੀ ਸੀ। ਸੂਬੇ ਦੀਆਂ ਵੱਖ-ਵੱਖ ਖਾਪ ਪੰਚਾਇਤਾਂ ਨੇ ਸਾਂਝੇ ਤੌਰ ’ਤੇ ਮੀਟਿੰਗ ਕਰਕੇ ਕਿਸਾਨੀ ਸੰਘਰਸ਼ ਦੀ ਹਮਾਇਤ ਦਾ ਫ਼ੈਸਲਾ ਲਿਆ ਹੈ। ਖਾਪ ਪੰਚਾਇਤਾਂ ਦੇ ਏਕੇ ਨੇ ਸੱਤਾਧਾਰੀ ਪਾਰਟੀਆਂ ਨੂੰ ਕੰਬਣੀ ਛੇੜ ਦਿੱਤੀ ਹੈ। ਰਾਜਸੀ ਆਗੂਆਂ ਨੂੰ ਲੋਕਾਂ ਵਿੱਚ ਜਾਣਾ ਮੁਸ਼ਕਲ ਹੋ ਗਿਆ ਹੈ । ਸਾਂਗਵਾਨ ਖਾਪ ਦੇ ਪ੍ਰਧਾਨ ਸੋਮਵੀਰ ਸਾਂਗਵਾਨ ਨੇ ਕਿਹਾ ਕਿ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ 150 ਦੇ ਕਰੀਬ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਪਰ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ,‘‘ਜਿਹੜੀ ਸਰਕਾਰ ਕਿਸਾਨਾਂ ਦੀ ਗੱਲ ਸੁਨਣ ਲਈ ਤਿਆਰ ਨਹੀਂ ਹੈ, ਉਸ ਦੇ ਆਗੂਆਂ ਨੂੰ ਪਿੰਡਾਂ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਜੇਕਰ ਇਨ੍ਹਾਂ ਰਾਜਸੀ ਪਾਰਟੀਆਂ ਦਾ ਆਗੂ ਪਿੰਡਾਂ ਵਿੱਚ ਦਾਖ਼ਲ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਉਹ ਖੁਦ ਹੋਵੇਗਾ।’’
ਉਧਰ ਪਲਵਲ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਮੁੜ ਧਰਨਾ ਸ਼ੁਰੂ ਕਰ ਦਿੱਤਾ ਹੈ। ਧਰਨੇ ਵਿੱਚ ਕਿਸਾਨ ਤੇ ਮਜ਼ਦੂਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਕੀਲਾਂ ਨੇ ਹਿੱਸਾ ਲਿਆ।
ਹਰਿਆਣਾ ਦੇ 7 ਜ਼ਿਲ੍ਹਿਆਂ ਵਿੱਚ ਅੱਜ ਵੀ ਇੰਟਰਨੈਟ ਸੇਵਾ ਬੰਦ
ਕਿਸਾਨੀ ਸੰਘਰਸ਼ ਕਾਰਨ ਹਰਿਆਣਾ ਸਰਕਾਰ ਨੇ 7 ਜ਼ਿਲ੍ਹਿਆਂ ਵਿੱਚ 2 ਫਰਵਰੀ ਸ਼ਾਮ 5 ਵਜੇ ਤੱਕ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਇਸ ਕਰਕੇ ਕੈਥਲ, ਪਾਣੀਪਤ, ਜੀਂਦ, ਰੋਹਤਕ, ਚਰਖੀ ਦਾਦਰੀ, ਸੋਨੀਪਤ ਅਤੇ ਝੱਜਰ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ।