ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਭਾਰਤ ਵਿੱਚ ਆਇਰਲੈਂਡ ਦੇ ਰਾਜਦੂਤ ਕੇਵਿਨ ਕੈਲੀ ਨੇ ਆਪਣੇ ਤਿੰਨ ਸੀਨੀਅਰ ਸਾਥੀਆਂ ਸਮੇਤ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਆਗੂਆਂ ਨੇ ਭਾਰਤ ਅਤੇ ਆਇਰਲੈਂਡ ਦਰਮਿਆਨ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ। ਸ੍ਰੀ ਸੰਧਵਾਂ ਨੇ ਪੰਜਾਬ ਤੇ ਆਇਰਲੈਂਡ ਦਰਮਿਆਨ ਖੇਤੀਬਾੜੀ, ਇੰਡਸਟਰੀ, ਤਕਨਾਲੋਜੀ ਅਤੇ ਹੋਰਨਾਂ ਖੇਤਰਾਂ ਵਿੱਚ ਠੋਸ ਸਹਿਯੋਗ ’ਤੇ ਜ਼ੋਰ ਦਿੱਤਾ। ਦੋਵਾਂ ਆਗੂਆਂ ਨੇ ਆਪਸੀ ਵਿਚਾਰ-ਵਟਾਂਦਰੇ ਮਗਰੋਂ ਕਿਹਾ ਕਿ ਦੋਵੇਂ ਦੇਸ਼ ਵੱਖ-ਵੱਖ ਖੇਤਰਾਂ ’ਚ ਗਿਆਨ ਅਤੇ ਤਕਨਾਲੋਜੀ ਦੇ ਆਪਸੀ ਅਦਾਨ-ਪ੍ਰਦਾਨ ਤੋਂ ਲਾਭ ਉਠਾ ਸਕਦੇ ਹਨ। ਸ੍ਰੀ ਸੰਧਵਾਂ ਨੇ ਕੇਵਿਨ ਕੈਲੀ ਨੂੰ ਆਇਰਲੈਂਡ ਦੀਆਂ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਹਿੱਤ ਪ੍ਰੇਰਿਤ ਕਰਨ ਲਈ ਵੀ ਕਿਹਾ। ਭਾਰਤ ਵਿੱਚ ਆਇਰਲੈਂਡ ਦੇ ਰਾਜਦੂਤ, ਕੇਵਿਨ ਕੈਲੀ ਨਾਲ ਰੇਮੰਡ ਮੁਲੇਨ ਡਿਪਟੀ ਅੰਬੈਸਡਰ, ਸੈਕਿੰਡ ਸੈਕਟਰੀ ਤੇ ਵੀਜ਼ਾ ਦਫਤਰ ਦੇ ਮੁਖੀ ਵੀ ਮੌਜੂਦ ਸਨ।