ਕਰਮਜੀਤ ਸਿੰਘ ਚਿੱਲਾ
ਬਨੂੜ, 17 ਜਨਵਰੀ
ਰਾਜਸਥਾਨ ਤੇ ਹਰਿਆਣਾ ਦੀ ਹੱਦ ’ਤੇ ਪੈਂਦੇ ਸ਼ਾਹਜਹਾਂਪੁਰ-ਖੇੜਾ ਬਾਰਡਰ ਉੱਤੇ 13 ਦਸੰਬਰ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਲਾਏ ਧਰਨੇ ਵਿੱਚ ਹਰਿਆਣਾ ਤੇ ਯੂਪੀ ਦੇ ਮੇਵਾਤ ਦੇ ਦਰਜਨ ਤੋਂ ਵੱਧ ਮੁਸਲਿਮ ਭਾਈਚਾਰੇ ਦੇ ਨੌਜਵਾਨ ਧਰਨਾਕਾਰੀਆਂ ਲਈ ਚੌਵੀ ਘੰਟੇ ਚਾਹ ਦਾ ਲੰਗਰ ਚਲਾ ਰਹੇ ਹਨ। ਇਹ ਨੌਜਵਾਨ ਚਾਹ ਲਈ ਲੋੜੀਂਦਾ ਤਿੰਨ ਤੋਂ ਚਾਰ ਕੁਇੰਟਲ ਦੁੱਧ ਰੋਜ਼ਾਨਾ 100 ਤੋਂ 120 ਕਿਲੋਮੀਟਰ ਦੀ ਦੂਰੀ ਉੱਤੇ ਪੈਂਦੇ ਆਪਣੇ ਪਿੰਡਾਂ ਵਿੱਚੋਂ ਦੁੱਧ ਇਕੱਠਾ ਕਰਕੇ ਲਿਆਉਂਦੇ ਹਨ।
ਸਬੰਧਤ ਧਰਨੇ ਵਿਚ ਜਾ ਕੇ ਪ੍ਰਾਪਤ ਜਾਣਕਾਰੀ ਅਨੁਸਾਰ ਚਾਹ ਦਾ ਲੰਗਰ ਚਲਾਉਣ ਵਾਲੇ ਮੁਸਲਿਮ ਨੌਜਵਾਨਾਂ ਮੌਲਾਣਾ ਦਿਲਸ਼ਾਦ, ਮੁਫ਼ਤੀ ਸਲੀਮ ਤੇ ਮੁਫ਼ਤੀ ਇਸਲਾਜ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਮੇਵਾਤ ਖੇਤਰ ਵਿੱਚ ਪੈਂਦੇ ਹਨ। ਉਹ ਰੋਜ਼ਾਨਾ ਇੱਕ ਪਿੰਡ ਵਿੱਚੋਂ ਦੁੱਧ ਲਿਆਉਂਦੇ ਹਨ ਤੇ ਹਰ ਪਿੰਡ ਦੀ ਦਸ ਤੋਂ ਪੰਦਰਾਂ ਦਿਨਾਂ ਬਾਅਦ ਵਾਰੀ ਆਉਂਦੀ ਹੈ। ਪਿੰਡਾਂ ’ਚਖ ਦੋ-ਦੋ ਲਿਟਰ ਦੀਆਂ ਬੋਤਲਾਂ ਵਿੱਚ ਦੁੱਧ ਪਾ ਕੇ ਲੋਕ ਇੱਕ ਥਾਂ ਰੱਖ ਦਿੰਦੇ ਹਨ ਤੇ ਉਨ੍ਹਾਂ ਵਿੱਚੋਂ ਦੋ-ਤਿੰਨ ਵਿਅਕਤੀ ਗੱਡੀ ਉੱਤੇ ਜਾ ਕੇ ਰੋਜ਼ਾਨਾ ਦੁੱਧ ਤੇ ਖਾਣ-ਪੀਣ ਦੀਆਂ ਹੋਰ ਵਸਤਾਂ ਲੈ ਆਉਂਦੇ ਹਨ।
ਉਨ੍ਹਾਂ ਦੱਸਿਆ ਕਿ ਉਹ ਸਾਰੇ ਕਿਸਾਨ ਪਰਿਵਾਰਾਂ ਨਾਲ ਸਬੰਧਤ ਹਨ ਤੇ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਉਹ ਇਹ ਸੇਵਾ ਨਿਰੰਤਰ ਕਰਦੇ ਰਹਿਣਗੇ। ਉਨ੍ਹਾਂ ਦੱਸਿਆ ਕਿ ਉਂਝ ਤਾਂ ਚੌਵੀ ਘੰਟੇ ਹੀ ਚਾਰ ਮੁਹੱਈਆ ਕਰਾਈ ਜਾਂਦੀ ਹੈ ਪਰ ਸਵੇਰੇ ਪੰਜ ਵਜੇ ਤੋਂ ਰਾਤੀਂ ਗਿਆਰਾਂ ਵਜੇ ਤੱਕ ਚਾਹ ਦਾ ਲੰਗਰ ਪੂਰੇ ਜ਼ੋਰਾਂ ’ਤੇ ਚੱਲਦਾ ਹੈ। ਉਹ ਚਾਹ ਨਾਲ ਬਿਸਕੁਟ ਅਤੇ ਮੱਠੀਆਂ ਵੀ ਵਰਤਾਉਂਦੇ ਹਨ।
26 ਨੂੰ ਜਾਣਗੇ ਦਿੱਲੀ
ਸ਼ਾਹਜਹਾਂਪੁਰ-ਖੇੜਾ ਦੇ ਰਾਜਸਥਾਨ ਨਾਲ ਸਬੰਧਤ ਧਰਨੇ ਦੇ ਮੋਹਰੀ ਆਗੂਆਂ ਅਮਰਾ ਰਾਮ, ਪੇਮਾ ਰਾਮ, ਸ਼ਗਨ ਚੌਧਰੀ ਤੇ ਨਿਰਮਲ ਸਿੰਘ ਮਾਨ ਨੇ ਦੱਸਿਆ ਕਿ ਰਾਜਸਥਾਨ ਤੋਂ 26 ਜਨਵਰੀ ਨੂੰ ਸੈਂਕੜੇ ਟਰੈਕਟਰ ਦਿੱਲੀ ਪਰੇਡ ਵਿੱਚ ਸ਼ਾਮਲ ਹੋਣਗੇ। ਟਰੈਕਟਰ ਪਰੇਡ ਲਈ ਸਮੁੱਚੇ ਖੇਤਰ ਵਿੱਚ ਬੇਹੱਦ ਉਤਸ਼ਾਹ ਹੈ। ਉਨ੍ਹਾਂ ਦੱਸਿਆ ਕਿ ਇਸ ਧਰਨੇ ਵਿੱਚ ਕੇਰਲਾ, ਤਾਮਿਲਨਾਡੂ ਤੇ ਉੜੀਸਾ ਤੋਂ ਵੀ ਕਿਸਾਨ ਪਹੁੰਚ ਰਹੇ ਹਨ।