ਗੁਰਿੰਦਰ ਸਿੰਘ
ਲੁਧਿਆਣਾ, 9 ਜੂਨ
ਸਾਂਝਾ ਕਿਸਾਨ ਮੋਰਚਾ ਪੰਜਾਬ ਨੇ ਐਲਾਨ ਕੀਤਾ ਹੈ ਕਿ ਜਥੇਬੰਦੀ ਭਵਿੱਖ ਵਿੱਚ ਦੇਸ਼ ਅਤੇ ਪੰਜਾਬ ’ਚ ਕਾਰਪੋਰੇਟਾਂ ਵਿਰੁੱਧ ਸੰਘਰਸ਼ ਨੂੰ ਜਥੇਬੰਦ ਕਰਨ ਅਤੇ ਖੇਤੀ ਨੂੰ ਬਚਾਉਣ ਲਈ ਸੰਘਰਸ਼ ਜਾਰੀ ਰੱਖੇਗਾ। ਅੱਜ ਇੱਥੇ ਸਾਂਝਾ ਕਿਸਾਨ ਮੋਰਚਾ ਪੰਜਾਬ ਦੀਆਂ 32 ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਬਲਦੇਵ ਸਿੰਘ ਨਿਹਾਲਗੜ੍ਹ, ਪ੍ਰੇਮ ਸਿੰਘ ਭੰਗੂ ਅਤੇ ਬੂਟਾ ਸਿੰਘ ਸ਼ਾਦੀਪੁਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਇਸ ਗੱਲ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ ਕਿ ਕਿਸਾਨ ਮੋਰਚੇ ਦੇ ਪ੍ਰੋਗਰਾਮ ਅਨੁਸਾਰ ਭਾਜਪਾ ਉਮੀਦਵਾਰਾਂ ਦੇ ਵਿਰੋਧ ਕਾਰਨ ਪਾਰਟੀ ਪੰਜਾਬ ਵਿੱਚੋਂ ਇੱਕ ਵੀ ਸੀਟ ਨਹੀਂ ਜਿੱਤ ਸਕੀ ਅਤੇ ਉੱਤਰੀ ਰਾਜਾਂ ਵਿੱਚ 39 ਸੀਟਾਂ ਗੁਆ ਬੈਠੀ। ਉਨ੍ਹਾਂ ਕਿਹਾ ਕਿ ਲੋਕਾਂ ਨੇ ਭਾਜਪਾ ਦੇ ਹਿੰਦੂਤਵੀ ਏਜੰਡੇ ਨੂੰ ਨਕਾਰ ਦਿੱਤਾ ਹੈ। ਮੀਟਿੰਗ ਦੌਰਾਨ 22 ਜੂਨ ਨੂੰ ਕਿਸਾਨ ਭਵਨ ਚੰਡੀਗੜ੍ਹ ਵਿੱਚ ਦਰਿਆਈ ਪਾਣੀਆਂ ਦੇ ਵਿਵਾਦਾਂ ਅਤੇ ਇਨ੍ਹਾਂ ਦੀ ਗਲਤ ਵੰਡ ਬਾਰੇ ਇੱਕ ਰੋਜ਼ਾ ਸੈਮੀਨਾਰ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ। ਇੱਕ ਹੋਰ ਮਤੇ ਰਾਹੀਂ ਮਾਲ ਵਿਭਾਗ ਦੇ ਪਟਵਾਰੀਆਂ ਨੂੰ ਰਿਕਾਰਡ ਵਿੱਚ ਫਰਜ਼ੀ ਐਂਟਰੀਆਂ ਕਰਨ ਲਈ ਮਜਬੂਰ ਕਰਨ ਵਾਸਤੇ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ ਗਈ ਕਿਉਂਕਿ ਪੰਜਾਬ ਦੀ ਸਾਰੀ ਜ਼ਮੀਨ ਨਹਿਰੀ ਸਿੰਜਾਈ ਵਾਲੀ ਹੈ। ਇਸ ਤੋਂ ਇਲਾਵਾ ਇਹ ਮੰਗ ਵੀ ਕੀਤੀ ਗਈ ਕਿ ਪਾਣੀ ਭੱਤੇ ਦੀ ਸਮੀਖਿਆ ਕੀਤੀ ਜਾਵੇ ਜੋ ਬਰਤਾਨਵੀ ਰਾਜ ਤੋਂ ਜਾਰੀ ਹੈ। ਮੀਟਿੰਗ ਦੌਰਾਨ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਸੀਆਈਐੱਸਐੱਫ ਕਾਂਸਟੇਬਲ ਕੁਲਵਿੰਦਰ ਕੌਰ ਦਾ ਪੁਰਜ਼ੋਰ ਸਮਰਥਨ ਕਰ ਕੇ ਦ੍ਰਿੜਤਾ ਨਾਲ ਉਸ ਨਾਲ ਡਟਣ ਦਾ ਫ਼ੈਸਲਾ ਕਰਦਿਆਂ ਮੰਗ ਕੀਤੀ ਗਈ ਕਿ ਉਸ ਵਿਰੁੱਧ ਦਰਜ ਕੇਸ ਰੱਦ ਕੀਤਾ ਜਾਵੇ ਤੇ ਮੁਲਾਜ਼ਮ ਦੀ ਮੁਅੱਤਲੀ ਨੂੰ ਰੱਦ ਕਰ ਕੇ ਕੰਗਨਾ ਰਣੌਤ ਵਿਰੁੱਧ ਪੰਜਾਬੀਆਂ ਨੂੰ ਵੱਖਵਾਦੀ ਅਤੇ ਖਾਲਿਸਤਾਨੀ ਦਾ ਦਰਜਾ ਦੇਣ ਵਾਲੇ ਬਿਆਨਾਂ ਲਈ ਅਪਰਾਧਿਕ ਕੇਸ ਦਰਜ ਕੀਤਾ ਜਾਵੇ। ਇੱਕ ਹੋਰ ਮਤੇ ਰਾਹੀਂ ਬੀਕੇਯੂ ਏਕਤਾ ਡਕੌਂਦਾ ਦੇ ਆਗੂ ਹਰਨੇਕ ਸਿੰਘ ਮਹਿਮਾ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਗਈ। ਮੀਟਿੰਗ ਵਿੱਚ ਬਲਬੀਰ ਸਿੰਘ ਰਾਜੇਵਾਲ, ਨਿਰਭੈ ਸਿੰਘ ਢੁੱਡੀਕੇ, ਰੁਲਦੂ ਸਿੰਘ ਮਾਨਸਾ, ਬੋਘ ਸਿੰਘ ਮਾਨਸਾ, ਸਤਨਾਮ ਸਿੰਘ ਅਜਨਾਲਾ, ਕਿਰਨਜੀਤ ਸਿੰਘ ਸੇਖੋਂ, ਫਰਮਾਨ ਸਿੰਘ ਸੰਧੂ, ਹਰਮੀਤ ਸਿੰਘ ਕਾਦੀਆਂ, ਬਿੰਦਰ ਸਿੰਘ ਗੋਲੇਵਾਲ, ਰਮਿੰਦਰ ਸਿੰਘ ਪਟਿਆਲਾ, ਮਨਜੀਤ ਸਿੰਘ ਧਨੇਠਾ, ਹਰਦੇਵ ਸਿੰਘ ਸੰਧੂ, ਪਲਵਿੰਦਰ ਸਿੰਘ ਪਾਲਮਾਜਰਾ, ਬਲਕਰਨ ਸਿੰਘ ਬਰਾੜ, ਬੀਰ ਸਿੰਘ ਬੜਵਾ, ਨਛੱਤਰ ਸਿੰਘ ਜੈਤੋਂ, ਬਲਵਿੰਦਰ ਸਿੰਘ ਰਾਜੂ ਔਲਖ ਅਤੇ ਸੁਖਦੇਵ ਸਿੰਘ ਅਰਾਈਆਂਵਾਲਾ ਹਾਜ਼ਰ ਸਨ।