ਨਵੀਂ ਦਿੱਲੀ, 18 ਜਨਵਰੀ
ਸੁਪਰੀਮ ਕੋਰਟ ਨੇ ਅੱਜ ਕੇਂਦਰ ਸਰਕਾਰ ਤੋਂ ਜਨਤਕ ਛੁੱਟੀ ਐਲਾਨਣ ਸਬੰਧੀ ਵੇਰਵੇ ਮੰਗ ਲਏ ਹਨ। ਇਸ ਸਬੰਧੀ ਸਿੱਖ ਸੰਸਥਾ ਸ਼੍ਰੋਮਣੀ ਸਿੰਘ ਸਭਾ ਨੇ ਅਦਾਲਤ ਵਿਚ ਪਟੀਸ਼ਨ ਦਾਇਰ ਕਰ ਕੇ ਮੰਗ ਕੀਤੀ ਸੀ ਕਿ ਦੇਸ਼ ਅੰਦਰ ਰਾਜਸੀ ਪਾਰਟੀਆਂ ਦੀ ਦਖਲਅੰਦਾਜ਼ੀ ਨਾਲ ਹੀ ਜਨਤਕ ਛੁੱਟੀਆਂ ਐਲਾਨੀਆਂ ਜਾਂਦੀਆਂ ਹਨ। ਸਰਵਉਚ ਅਦਾਲਤ ਦੇ ਮੁੱਖ ਜੱਜ ਐਸ ਏ ਬੋਬਡੇ ਦੀ ਅਗਵਾਈ ਵਾਲੇ ਬੈਂਚ ਨੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਤੋਂ ਇਸ ਸਬੰਧੀ ਵੇਰਵੇ ਮੰਗ ਲਏ ਹਨ। ਪਟੀਸ਼ਨ ਵਿਚ ਇਹ ਵੀ ਕਿਹਾ ਗਿਆ ਸੀ ਕਿ ਸਿੱਖਾਂ ਦੇ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਨੇ ਅਨਿਆਂ ਖਿਲਾਫ਼ ਲੜਾਈ ਲੜੀ ਪਰ ਉਨ੍ਹਾਂ ਦੇ ਪ੍ਰਕਾਸ਼ ਪੁਰਬ ’ਤੇ ਜਨਤਕ ਛੁੱਟੀ ਨਹੀਂ ਐਲਾਨੀ ਗਈ ਜਿਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਸਿੱਖ ਸੰਸਥਾ ਨੇ ਇਸ ਮਾਮਲੇ ਵਿਚ ਕੇਂਦਰ ਤੋਂ ਇਲਾਵਾ ਰਾਜ ਸਰਕਾਰਾਂ ਨੂੰ ਵੀ ਪਾਰਟੀ ਬਣਾਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚ ਕੋਈ ਪਬਲਿਕ ਹਾਲੀਡੇਅ ਐਕਟ ਨਹੀਂ ਹੈ। -ਆਈਏਐੱਨਐੱਸ