ਪਟਿਆਲਾ (ਰਵੇਲ ਸਿੰਘ ਭਿੰਡਰ): ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਆਨਰੇਰੀ ਸਲਾਹਕਾਰ ਦੀ ਨਿਯੁਕਤੀ ਸਵਾਲਾਂ ’ਚ ਘਿਰਨ ਲੱਗੀ ਹੈ। ਭਾਵੇਂ ਇਹ ਨਿਯੁਕਤੀ ਪੰਜਾਬ ਸਰਕਾਰ ਦੇ ਇਸ਼ਾਰੇ ’ਤੇ ਹੋਈ ਦੱਸੀ ਜਾਂਦੀ ਹੈ, ਪਰ ਨਿਯੁਕਤੀ ਦੇ ਐਲਾਨ ਮਗਰੋਂ ਆਨਰੇਰੀ ਸਲਾਹਾਕਾਰ ਵੱਲੋਂ ਹਾਲੇ ਤਾਈਂ ਆਪਣਾ ਆਹੁਦਾ ਸੰਭਾਲਣ ਤੋਂ ਗੁਰੇਜ ਹੀ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਬੀ.ਐੱਸ. ਘੁੰਮਣ ਵੱਲੋਂ ਪਿਛਲੇ ਮਹੀਨੇ ਦੇ ਅਖੀਰ ’ਚ ਸਿੰਡੀਕੇਟ ਦੀ ਪ੍ਰਵਾਨਗੀ ਦੀ ਆਸ ’ਚ ਸੇਵਾਮੁਕਤ ਆਈਏਐੱਸ ਮਨਜੀਤ ਸਿੰਘ ਨਾਰੰਗ ਨੂੰ ਆਨਰੇਰੀ ਐਡਵਾਈਜ਼ਰ ਨਿਯੁਕਤ ਕੀਤਾ ਗਿਆ ਸੀ। ਦੱਸਿਆ ਜਾਂਦਾ ਹੈ ਕਿ ਇਹ ਨਿਯੁਕਤੀ ਪੰਜਾਬ ਸਰਕਾਰ ਦੇ ਕਥਿਤ ਆਦੇਸ਼ਾਂ ’ਤੇ ਕੀਤੀ ਗਈ ਹੈ ਪਰ ਸਵਾਲ ਪੈਦਾ ਹੁੰਦਾ ਹੈ ਕਿ ਜੇ ਸਰਕਾਰ ਦੇ ਕਿਸੇ ਨਾ ਕਿਸੇ ਪੱਧਰ ਦੇ ਹੁੁਕਮਾਂ ’ਤੇ ਇਹ ਨਿਯੁਕਤੀ ਹੋਈ ਹੈ ਫਿਰ ਨਿਯੁਕਤੀ ਮਗਰੋਂ ਜੁਆਇਨਿੰਗ ਦਾ ਮਾਮਲਾ ਕਿਉਂ ਲਟਕ ਗਿਆ ਹੈ?
ਇਸ ਸਬੰਧੀ ਆਈਏਐੱਸ ਅਧਿਕਾਰੀ ਮਨਜੀਤ ਸਿੰਘ ਨਾਰੰਗ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਉਸ ਨੂੰ ਅਹੁਦਾ ਸੰਭਾਲਣ ਲਈ ਫਿਲਹਾਲ ਸੱਦਿਆ ਹੀ ਨਹੀਂ ਗਿਆ। ਉਂਝ ਕਰੋਨਾ ਕਾਰਨ ਉਹ ਖੁਦ ਵੀ ਅਹੁਦਾ ਸੰਭਾਲਣ ਤੋਂ ਫਿਲਹਾਲ ਗੁਰੇਜ਼ ਕਰਨਗੇ।