ਬਹਾਦਰਜੀਤ ਸਿੰਘ
ਰੂਪਨਗਰ, 27 ਜੂਨ
ਨਗਰ ਕੌਂਸਲ ਵੱਲੋਂ ਸ਼ਹਿਰ ਵਾਸੀਆਂ ਨੂੰ ਬੀਤੇ ਤਿੰਨ ਮਹੀਨਿਆਂ ਤੋਂ ਕਰੋਨਾਵਾਇਰਸ ਦੀ ਮਹਾਂਮਾਰੀ ਤੋਂ ਬਚਾਅ ਲਈ ਲਗਾਤਾਰ ਸਫ਼ਾਈ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ, ਪਰ ਕੌਂਸਲ ਵੱਲੋਂ ਆਪਣੇ ਅਦਾਰਿਆਂ ਦੀ ਸਫ਼ਾਈ ਵੱਲ ਉੱਕਾ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਸ਼ਹਿਰ ਦੀ ਸਭ ਤੋਂ ਵੱਧ ਵਿਕਸਿਤ ਨਗਰ ਕੌਂਸਲ ਦੀ ਗਿਆਨੀ ਜ਼ੈਲ ਸਿੰਘ ਨਗਰ ਕਲੋਨੀ ਵਿੱਚ ਪੂਰੇ ਸ਼ਹਿਰ ਨੂੰ ਪੀਣ ਦਾ ਸਾਫ ਪਾਣੀ ਸਪਲਾਈ ਕਰਨ ਵਾਲਾ ਮੁੱਖ ਜਲਘਰ ਜੰਗਲ ਦਾ ਰੂਪ ਧਾਰ ਚੁੱਕਿਆ ਹੈ। ਵਾਟਰ ਵਰਕਸ ਵਿੱਚ ਘਾਹ ਫੂਸ, ਵੱਡੀਆਂ ਬੂਟੀਆਂ ਤੇ ਕੁਦਰਤੀ ਤੌਰ ’ਤੇ ਹੋਰ ਛੋਟੇ ਦਰੱਖ਼ਤ ਉੱਗੇ ਹੋਏ ਹਨ। ਇੱਥੇ ਅਵਾਰਾ ਜਾਨਵਰ ਵੀ ਆਮ ਘੁੰਮਦੇ ਰਹਿੰਦੇ ਹਨ। ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਛੇਤੀ ਤੋਂ ਛੇਤੀ ਜਲ ਘਰ ਦੀ ਸਫ਼ਾਈ ਕਰਵਾਈ ਜਾਵੇ। ਬਰਸਾਤ ਦੇ ਮੌਸਮ ਵਿੱਚ ਜ਼ਹਿਰੀਲੇ ਜੀਵ ਪੈਦਾ ਹੋਣ ਦਾ ਖਤਰਾ ਬਣ ਗਿਆ ਹੈ। ਕੌਂਸਲ ਦੇ ਕਾਰਜਸਾਧਕ ਅਫ਼ਸਰ ਭਜਨ ਚੰਦ ਨੇ ਇਸ ਬਾਰੇ ਗੱਲ ਕਰਨ ’ਤੇ ਕਿਹਾ ਕਿ ਜਲ ਘਰ ਦੀ ਸਫਾਈ ਦਾ ਕੰਮ ਜਲਦ ਕਰਵਾਇਆ ਜਾਵੇਗਾ।