ਸੰਜੀਵ ਬੱਬੀ
ਚਮਕੌਰ ਸਾਹਿਬ, 8 ਅਗਸਤ
ਆਧੁਨਿਕੀਕਰਨ ਨਾਲ ਬੇਸ਼ੱਕ ਸ਼ਹਿਰੀਕਰਨ ਦਾ ਪ੍ਰਭਾਵ ਪਿੰਡਾਂ ’ਤੇ ਪੈ ਰਿਹਾ ਹੈ, ਪਰ ਕੁਝ ਪੁਰਾਣੇ ਖਾਦ ਪਦਾਰਥਾਂ ਅਤੇ ਰੀਤ-ਰਿਵਾਜ਼ਾਂ ਦੀ ਹਾਲੇ ਵੀ ਪੂਰੀ ਸਰਦਾਰੀ ਹੈ। ਸਾਉਣ ਦੇ ਮਹੀਨੇ ਵਿੱਚ ਤੀਆਂ ਦੇ ਤਿਉਹਾਰ ਦੌਰਾਨ ਪੀਘਾਂ ਝੂਟਣ, ਪਿੱਪਲਾਂ-ਬਰੋਟਿਆਂ ਹੇਠ ਗਿੱਧਾ ਪਾਉਣ ਦੀ ਥਾਂ ਭਾਵੇਂ ਤੀਆਂ ਦੇ ਸਟੇਜੀ ਮੇਲਿਆਂ ਨੇ ਲੈ ਲਈ ਹੈ, ਫਿਰ ਵੀ ਤੀਆਂ ਦੇ ਸੰਧਾਰੇ ਵਿੱਚ ਦਿੱਤੇ ਜਾਂਦੇ ਦੇਸੀ ਬਿਸਕੁਟਾਂ ਦੀ ਥਾਂ ਅਜੇ ਤੱਕ ਕੋਈ ਹੋਰ ਖਾਦ ਪਦਾਰਥ ਨਹੀਂ ਲੈ ਸਕਿਆ। ਇਸੇ ਕਾਰਨ ਹੁਣ ਵੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਦੁਕਾਨਾਂ ’ਤੇ ਬਿਸਕੁਟਾਂ ਦੀ ਪੂਰੀ ਰੌਣਕ ਦੇਖਣ ਨੂੰ ਮਿਲ ਰਹੀ ਹੈ। ਸਾਉਣ ਮਹੀਨੇ ਤੀਆਂ ਦਾ ਸੰਧਾਰਾ ਦੇਣ ਦਾ ਰਿਵਾਜ਼ ਕਾਫੀ ਪੁਰਾਣਾ ਹੈ। ਲੋਕ ਨਵ-ਵਿਆਹੀਆਂ ਧੀਆਂ ਦੇ ਨਾਲ-ਨਾਲ ਵਡੇਰੀ ਉਮਰ ਦੀਆਂ ਭੂਆ ਤੇ ਭੈਣਾਂ ਨੂੰ ਵੀ ਸੰਧਾਰਾ ਦੇ ਕੇ ਆਪਣੇ ਸਨੇਹ ਦੀ ਗੰਢ ਹੋਰ ਵਧਾਉਂਦੇ ਹਨ। ਬੀਤੇ ਸਮੇਂ ਦੌਰਾਨ ਸੰਧਾਰੇ ਵਿੱਚ ਗੁਲਗੁਲੇ ਆਦਿ ਦੇਣ ਦਾ ਵੀ ਰਿਵਾਜ਼ ਪਰਚੱਲਿਤ ਸੀ, ਪਰ ਹੁਣ ਕੁਝ ਲੋਕ ਮਠਿਆਈ ਆਦਿ ਵੀ ਦੇਣ ਲੱਗੇ ਹਨ, ਪਰ ਫਿਰ ਵੀ ਦੇਸੀ ਬਿਸਕੁਟਾਂ ਦੀ ਚੜ੍ਹਤ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਅਜੋਕੇ ਦੌਰ ਵਿੱਚ ਵੀ ਲੋਕ ਬਿਸਕੁਟ ਬਣਾਉਣ ਵਾਲੀਆਂ ਭੱਠੀਆਂ ਅਤੇ ਦੁਕਾਨਾਂ ’ਤੇ ਆਟਾ, ਚੀਨੀ ਆਪਣੀ ਪੁੱਜਤ ਅਨੁਸਾਰ ਦੇਸੀ ਜਾਂ ਡਾਲਡਾ ਘੀ ਆਦਿ ਲੋੜੀਂਦਾ ਸਾਮਾਨ ਲੈ ਕੇ ਸਵੇਰ ਤੋਂ ਹੀ ਆਪਣੀ ਵਾਰੀ ਦੀ ਉਡੀਕ ਵਿੱਚ ਬਹਿ ਜਾਂਦੇ ਹਨ, ਫਿਰ ਅਗਲੇ ਦਿਨ ਹੀ ਮਹਿਕਾਂ ਛੱਡਦੇ ਬਿਸਕੁਟਾਂ ਨੂੰ ਪੀਪੇ ਜਾਂ ਹੋਰ ਬਰਤਨਾਂ ਵਿੱਚ ਪਾ ਕੇ ਆਪਣੀਆਂ ਧੀਆਂ, ਭੈਣਾਂ ਦੇ ਘਰਾਂ ਨੂੰ ਚਾਲੇ ਪਾਉਂਦੇ ਹਨ। ਇਹ ਲੋਕ ਪੰਜਾਬੀ ਸੱਭਿਆਚਾਰ ਦੀ ਨਿਸ਼ਾਨੀ ਨੂੰ ਲੁਪਤ ਹੋਣ ਤੋਂ ਬਚਾ ਰਹੇ ਹਨ। ਬਿਸਕੁਟ ਬਣਾਉਣ ਵਾਲੇ ਗੁਲਸ਼ਨ ਕੁਮਾਰ ਤੇ ਵਿਜੇ ਕੁਮਾਰ ਨੇ ਦੱਸਿਆ ਕਿ ਅੱਜ ਕੱਲ੍ਹ ਸਾਉਣ ਦੇ ਮਹੀਨੇ ਵਿੱਚ ਉਨ੍ਹਾਂ ਦੇ ਕੰਮ ਪੂਰਾ ਜ਼ੋਰ ’ਤੇ ਹੈ ਅਤੇ ਉਹ ਪਿਛਲੇ ਕਈ ਦਹਾਕਿਆਂ ਤੋਂ ਕੰਮ ਕਰਦੇ ਆ ਰਹੇ ਹਨ, ਪਰ ਸਮੇਂ ਦੇ ਬਦਲਾਅ ਦਾ ਪ੍ਰਭਾਵ ਅਜੇ ਤੱਕ ਉਨ੍ਹਾਂ ਦੇ ਕੰਮ ਤੇ ਨਾਕਾਰਾਤਮਕ ਰੂਪ ਵਿੱਚ ਨਹੀਂ ਪਿਆ।