ਜੈਸਮੀਨ ਭਾਰਦਵਾਜ
ਨਾਭਾ, 2 ਅਗਸਤ
ਇੱਥੋਂ ਪੰਜ ਕਿੱਲੋਮੀਟਰ ਦੂਰ ਪਿੰਡ ਮੇਹਸ ਵਿੱਚ ਸਿਰਫ ਛੇ ਫੁੱਟ ਚੌੜੇ ਕੱਚੇ ਪਹੇ ’ਤੇ ਦੋ ਕਮਰਿਆਂ ਦੇ ਮਕਾਨ ਵਿੱਚ ਆਪਣੇ ਮਾਪਿਆਂ ਨਾਲ ਰਹਿੰਦੀ 25 ਸਾਲਾ ਹਰਜਿੰਦਰ ਕੌਰ ਦੇ ਘਰ ਅੱਜ ਵਧਾਈ ਦੇਣ ਵਾਲਿਆਂ ਤੇ ਮੀਡੀਆ ਕਰਮੀਆਂ ਦੀ ਕਤਾਰ ਲੱਗੀ ਰਹੀ। ਰਾਸ਼ਟਰਮੰਡਲ ਖੇਡਾਂ ਵਿੱਚ ਵੇਟ ਲਿਫਟਿੰਗ ਦੇ 71 ਕਿੱਲੋ ਭਾਰ ਵਰਗ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਹਰਜਿੰਦਰ ਕੌਰ ਦਾ ਸਫ਼ਰ ਸਰਕਾਰੀ ਸਕੂਲ ਵਿੱਚ ਕਬੱਡੀ ਤੋਂ ਸ਼ੁਰੂ ਹੋਇਆ। ਰਾਸ਼ਟਰਮੰਡਲ ਖੇਡਾਂ ਵਿਚ ਹਰਜਿੰਦਰ ਕੌਰ ਨੇ ਕੁਲ 212 ਕਿੱਲੋ ਭਾਰ ਚੁੱਕਿਆ। ਬੇਜ਼ਮੀਨੇ ਕਿਸਾਨ ਸਾਹਿਬ ਸਿੰਘ ਅਤੇ ਕੁਲਦੀਪ ਕੌਰ ਦੀ ਛੋਟੀ ਧੀ ਹਰਜਿੰਦਰ ਦੀ ਵੱਡੀ ਭੈਣ ਪਰਵਿੰਦਰ ਕੌਰ ਨੇ ਦੱਸਿਆ ਕਿ ਵਿੱਤੀ ਹਾਲਾਤ ਕਾਰਨ ਹਰਜਿੰਦਰ ਨੂੰ ਕਾਲਜ ਵਿੱਚ ਦਾਖ਼ਲਾ ਦਿਵਾਉਣਾ ਵੀ ਔਖਾ ਹੋ ਰਿਹਾ ਸੀ ਪਰ ਖੇਡਾਂ ਵਿੱਚ ਮੋਹਰੀ ਹੋਣ ਕਾਰਨ ਆਨੰਦਪੁਰ ਸਾਹਿਬ ਦੇ ਖ਼ਾਲਸਾ ਕਾਲਜ ਦੇ ਕਬੱਡੀ ਸੈਂਟਰ ਵਿੱਚ ਉਸ ਨੂੰ ਦਾਖ਼ਲਾ ਮਿਲ ਗਿਆ। ਕਬੱਡੀ ਰਾਹੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈਂਪ ਵਿੱਚ ਪਹੁੰਚੀ ਹਰਜਿੰਦਰ ਦੀ ਪਰਖ ਕੋਚ ਪਰਮਜੀਤ ਸ਼ਰਮਾ ਨੇ ਕੀਤੀ ਤੇ ਵੇਟ ਲਿਫਟਿੰਗ ਵੱਲ ਪ੍ਰੇਰਿਆ। 2016 ਵਿੱਚ ਪਹਿਲੀ ਵਾਰ ਹਰਜਿੰਦਰ ਨੇ ਅੰਤਰ ’ਵਰਸਿਟੀ ਮੈਡਲ ਜਿੱਤਿਆ ਜਿਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਾ ਦੇਖਿਆ। ਹਰਜਿੰਦਰ ਨੇ ਖੇਲੋ ਇੰਡੀਆ ਤੇ ਹੋਰ ਕੌਮੀ ਪੱਧਰ ’ਤੇ ਕਈ ਤਗ਼ਮੇ ਜਿੱਤੇ। ਖੁਸ਼ੀ ਦੇ ਹੰਝੂ ਕੇਰਦਿਆਂ ਹਰਜਿੰਦਰ ਦੇ ਵੱਡੇ ਭਰਾ ਪ੍ਰਿਤਪਾਲ ਸਿੰਘ ਨੇ ਘਰ ਵਿੱਚ ਟੋਕੇ ਦੀ ਮਸ਼ੀਨ ਦਿਖਾਉਂਦਿਆਂ ਦੱਸਿਆ ਕਿ ਉਹ ਸਕੂਲੋਂ ਆ ਕੇ ਮੱਝਾਂ ਲਈ ਟੋਕਾ ਕਰਦੀ ਤੇ ਕਹਿੰਦੀ ਕਿ ਇਸ ਟੋਕੇ ਕਰਕੇ ਹੀ ਉਸ ਦੀਆਂ ਬਾਹਾਂ ਮਜ਼ਬੂਤ ਹਨ। ਉਸ ਨੇ ਦੱਸਿਆ ਕਿ ਹਰਜਿੰਦਰ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਜੀਅ ਤੋੜ ਮਿਹਨਤ ਕੀਤੀ ਤੇ ਨਾਲ ਹੀ ਕਦੀ ਵੀ ਘਰ ਵਿੱਚ ਕਿਸੇ ਕੰਮ ਨੂੰ ਜੁਆਬ ਨਾ ਦਿੱਤਾ। ਹਰਜਿੰਦਰ ਦੇ ਮਰਹੂਮ ਦਾਦਾ ਸ਼ਿੰਗਾਰਾ ਸਿੰਘ ਵੰਡ ਸਮੇਂ ਪਾਕਿਸਤਾਨ ਤੋਂ ਆਏ ਸਨ। ਹਰਜਿੰਦਰ ਦੇ ਪਿਤਾ ਨੇ ਪੰਜ ਛੇ ਮੱਝਾਂ ਪਾਲ ਕੇ ਦੁੱਧ ਦਾ ਕੰਮ ਕਰਦੇ ਹੋਏ ਪਰਿਵਾਰ ਪਾਲਿਆ।
ਪਟਿਆਲਾ (ਖੇਤਰੀ ਪ੍ਰਤੀਨਿਧ): ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਅਰਵਿੰਦ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਸ ਗੱਲੋਂ ਧੰਨਵਾਦ ਕੀਤਾ ਹੈ ਕਿ ਉਨ੍ਹਾਂ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਖਿਡਾਰਨ ਹਰਜਿੰਦਰ ਕੌਰ ਨੂੰ 40 ਲੱਖ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਵਾਈਸ ਚਾਂਸਲਰ ਨੇ ਕਿਹਾ ਕਿ ਹਰਜਿੰਦਰ ਕੌਰ ਦੀ ਇਸ ਪ੍ਰਾਪਤੀ ’ਤੇ ਸਿਰਫ਼ ਪੰਜਾਬੀ ਯੂਨੀਵਰਸਿਟੀ ਹੀ ਨਹੀਂ, ਬਲਕਿ ਸਮੁੱਚਾ ਦੇਸ਼ ਮਾਣ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਚੇਰੀ ਸਿੱਖਿਆ ਤੇ ਖੇਡ ਮੰਤਰੀ ਮੀਤ ਹੇਅਰ ਵੱਲੋਂ ਵੀ ਪ੍ਰਸੰਸਾ ਕਰਨਾ ਮਾਣ ਮੱਤਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖ਼ੁਦ ਟਵਿੱਟਰ ਰਾਹੀਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ ਹੈ। ਇਸੇ ਤਰ੍ਹਾਂ ਕੇਂਦਰੀ ਕੈਬਨਿਟ ਮੰਤਰੀ ਨਿਤਿਨ ਗਡਕਰੀ ਤੇ ਪ੍ਰਕਾਸ਼ ਜਾਵਡੇਕਰ ਤੋਂ ਲੈ ਕੇ ਸਪੋਰਟਸ ਅਥਾਰਿਟੀ ਆਫ਼ ਇੰਡੀਆ (ਸਾਈ) ਤੱਕ ਦੇਸ਼ ਦੀਆਂ ਵੱਡੀਆਂ ਸ਼ਖ਼ਸੀਅਤਾਂ ਤੇ ਅਦਾਰਿਆਂ ਵੱਲੋਂ ਵੀ ਵਧਾਈਆਂ ਦਿੱਤੀਆਂ ਗਈਆਂ ਹਨ।
ਪਟਿਆਲਾ (ਪੱਤਰ ਪ੍ਰੇਰਕ): ਰਾਸ਼ਟਰਮੰਡਲ ਖੇਡਾਂ ਵਿਚ ਪੰਜਾਬੀ ਯੂਨੀਵਰਸਿਟੀ ਦੇ ਖੇਡ ਵਿਭਾਗ ਵਿਚ ਵੇਟ ਲਿਫ਼ਟਿੰਗ ਦੀ ਸਿਖਲਾਈ ਲੈਣ ਵਾਲੀ ਹਰਜਿੰਦਰ ਕੌਰ (25) ਵੱਲੋਂ ਕਾਂਸੀ ਦਾ ਤਗ਼ਮਾ ਜਿੱਤਣ ’ਤੇ ਅੱਜ ਪੰਜਾਬੀ ਯੂਨੀਵਰਸਿਟੀ ਦੇ ਖੇਡ ਵਿਭਾਗ ਵਿਚ ਖ਼ੁਸ਼ੀ ਦੀ ਲਹਿਰ ਸੀ। ਯੂਨੀਵਰਸਿਟੀ ਦੇ ਖੇਡ ਡਾਇਰੈਕਟਰ ਗੁਰਦੀਪ ਕੌਰ ਤੇ ਹਰਜਿੰਦਰ ਕੌਰ ਦੇ ਕੋਚ ਪਰਮਜੀਤ ਸ਼ਰਮਾ ਤੋਂ ਖੁਸ਼ੀ ਸੰਭਾਲੀ ਨਹੀਂ ਸੀ ਜਾਂਦੀ। ਡਾਇਰੈਕਟਰ ਗੁਰਦੀਪ ਕੌਰ ਨੇ ਕਿਹਾ ਹੈ ਕਿ ਯੂਨੀਵਰਸਿਟੀ ਦੇ ਵਿਹੜੇ ਵਿਚ ਅੱਜ ਖ਼ੁਸ਼ੀਆਂ ਦੀ ਲਹਿਰ ਹੈ। ਹਰਜਿੰਦਰ ਕੌਰ ਦੇ ਕੋਚ ਪਰਮਜੀਤ ਸ਼ਰਮਾ ਨੇ ਪੰਜਾਬ ਸਰਕਾਰ ਤੋਂ ਹਰਜਿੰਦਰ ਕੌਰ ਨੂੰ ਨੌਕਰੀ ਦੇੇਣ ਦੀ ਮੰਗ ਕੀਤੀ। ਕੋਚ ਨੇ ਦੱਸਿਆ ਕਿ ਉਹ ਘਰ ਤੋਂ ਗ਼ਰੀਬ ਹੋਣ ਕਰਕੇ ਥੋੜ੍ਹੀਆਂ ਤੰਗੀਆਂ ਵਿੱਚ ਸੀ ਪਰ ਪੰਜਾਬੀ ਯੂਨੀਵਰਸਿਟੀ ਨੇ ਹਰਜਿੰਦਰ ਕੌਰ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ। ਕਰੋਨਾ ਵਿਚ ਵੀ ਉਹ ਮੇਰੇ ਘਰ ਵਿਚ ਰਹਿ ਕੇ ਹੀ ਸਿਖਲਾਈ ਕਰਦੀ ਰਹੀ।
ਪੰਜਾਬ ਸਰਕਾਰ ਵੱਲੋਂ ਹਰਜਿੰਦਰ ਕੌਰ ਨੂੰ 40 ਲੱਖ ਰੁਪਏ ਇਨਾਮ ਵਜੋਂ ਦੇਣ ਦਾ ਐਲਾਨ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਵੇਟਲਿਫਟਰ ਹਰਜਿੰਦਰ ਕੌਰ ਨੂੰ 40 ਲੱਖ ਰੁਪਏ ਦਾ ਨਗਦ ਇਨਾਮ ਦੇਣ ਦਾ ਐਲਾਨ ਕੀਤਾ। ਇਹ ਇਨਾਮ ਸੂਬੇ ਦੀ ਖੇਡ ਨੀਤੀ ਅਨੁਸਾਰ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਹਰਜਿੰਦਰ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਨਾਭਾ ਨੇੜਲੇ ਪਿੰਡ ਮੇਹਸ ਦੀ ਉਭਰਦੀ ਖਿਡਾਰਨ ਨੇ ਇਸ ਵਿਲੱਖਣ ਪ੍ਰਾਪਤੀ ਨਾਲ ਮੁਲਕ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਹਰਜਿੰਦਰ ਕੌਰ ਦੀ ਪ੍ਰਾਪਤੀ ਹੋਰਨਾਂ ਖਿਡਾਰੀਆਂ ਖਾਸ ਕਰਕੇ ਲੜਕੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਅਤੇ ਦੇਸ਼ ਦਾ ਨਾਮ ਚਮਕਾਉਣ ਲਈ ਪ੍ਰੇਰਿਤ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ’ਚ ਖੇਡ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨਾ ਸੂਬਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਖੇਡਾਂ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਦੂਰ ਕਰਨ ਲਈ ਉਨ੍ਹਾਂ ਦੀ ਬੇਅੰਤ ਊਰਜਾ ਨੂੰ ਸਾਕਾਰਾਤਮਕ ਦਿਸ਼ਾ ਵੱਲ ਵਰਤਣ ਲਈ ਧੁਰੇ ਵਜੋਂ ਕੰਮ ਕਰਨਗੀਆਂ। ਸ੍ਰੀ ਮਾਨ ਨੇ ਕਿਹਾ ਕਿ ਪੰਜਾਬੀਆਂ ਦੀ ਖੇਡਾਂ ਨਾਲ ਪੁਰਾਣੀ ਸਾਂਝ ਹੈ। ਸੂਬੇ ਦੇ ਬਹੁਤ ਸਾਰੇ ਖਿਡਾਰੀਆਂ ਨੇ ਕੌਮੀ ਤੇ ਕੌਮਾਂਤਰੀ ਮੁਕਾਬਲਿਆਂ ਵਿੱਚ ਨਾਮ ਕਮਾਇਆ ਹੈ। ਉਨ੍ਹਾਂ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਸੂਬੇ ਦੀ ਸ਼ਾਨ ਨੂੰ ਬਹਾਲ ਕਰਨ ਲਈ ਠੋਸ ਉਪਰਾਲੇ ਕੀਤੇ ਜਾਣਗੇ ਤਾਂ ਜੋ ਪੰਜਾਬ ਨੂੰ ਜਲਦੀ ਹੀ ਦੇਸ਼ ਭਰ ਵਿੱਚ ਖੇਡਾਂ ਦੇ ਖੇਤਰ ਵਿੱਚ ਮੋਹਰੀ ਰਾਜ ਬਣਾਇਆ ਜਾ ਸਕੇ।