ਚੰਦਰ ਪ੍ਰਕਾਸ਼ ਕਾਲੜਾ/ਟੋਨੀ ਛਾਬੜਾ
ਜਲਾਲਾਬਾਦ, 15 ਅਪਰੈਲ
ਪਿੰਡ ਚੱਕ ਸੈਦੋਕੇ ਵਿੱਚ ਇੱਕ ਔਰਤ ਨੇ ਆਪਣੀ ਜੇਠਾਣੀ ਨਾਲ ਰੰਜਿਸ਼ ਕਾਰਨ ਉਸ ਦੀ ਤਿੰਨ ਮਹੀਨਿਆਂ ਦੀ ਬੱਚੀ ਨੂੰ ਜ਼ਿੰਦਾ ਜ਼ਮੀਨ ਵਿੱਚ ਦੱਬ ਦਿੱਤਾ ਅਤੇ ਬੱਚੀ ਦੀ ਮੌਤ ਹੋਣ ਮਗਰੋਂ ਉਸ ਦੀ ਲਾਸ਼ ਖੁਰਦ-ਬੁਰਦ ਕਰਨ ਲਈ ਪੁਰਾਣੀ ਫਲੱਸ਼ ਵਾਲੀ ਖੂਹੀ ਵਿੱਚ ਸੁੱਟ ਦਿੱਤੀ। ਥਾਣਾ ਅਮੀਰ ਖਾਸ ਪੁਲੀਸ ਨੇ ਮੁਲਜ਼ਮ ਸੁਖਪ੍ਰੀਤ ਕੌਰ ਪਤਨੀ ਬਲਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੀੜਤ ਅਮਨਦੀਪ ਕੌਰ ਨੇ ਦੱਸਿਆ ਕਿ ਬੀਤੇ ਦਿਨ ਉਹ ਸਵੇਰੇ ਕਿਸੇ ਕੰਮ ਲਈ ਬੈਂਕ ਜਾਣ ਵੇਲੇ ਆਪਣੀ ਤਿੰਨ ਮਹੀਨਿਆਂ ਦੀ ਧੀ ਮਹਿਕਪ੍ਰੀਤ ਨੂੰ ਗੁਆਂਢੀਆਂ ਘਰ ਛੱਡ ਗਈ ਸੀ। ਉਸ ਦੀ ਗ਼ੈਰਹਾਜ਼ਰੀ ਵਿੱਚ ਉਸ ਦੀ ਦਰਾਣੀ ਸੁਖਪ੍ਰੀਤ ਕੌਰ ਨੇ ਉਸ ਦੇ ਪੁੱਤਰ ਨੂੰ ਭੇਜ ਕੇ ਗੁਆਂਢੀਆਂ ਘਰੋਂ ਬੱਚੀ ਨੂੰ ਮੰਗਵਾਇਆ ਅਤੇ ਉਸ ਨੂੰ ਜ਼ਿੰਦਾ ਜ਼ਮੀਨ ਵਿੱਚ ਦੱਬ ਦਿੱਤਾ। ਮਗਰੋਂ ਉਹ ਸਾਰਾ ਦਿਨ ਬੱਚੀ ਦੀ ਭਾਲ ਕਰਦੇ ਰਹੇ ਪਰ ਉਹ ਨਾ ਲੱਭੀ। ਅੱਜ ਸਵੇਰੇ ਸੁਖਪ੍ਰੀਤ ਕੌਰ ਨੇ ਹੀ ਦੱਸਿਆ ਕਿ ਬੱਚੀ ਦੀ ਲਾਸ਼ ਖੂਹ ਵਿੱਚ ਪਈ ਹੈ, ਜੋ ਉਸ ਨੇ ਬਾਹਰ ਜਾਂਦੇ ਸਮੇਂ ਦੇਖੀ ਹੈ। ਅਮਨਦੀਪ ਨੇ ਦੱਸਿਆ ਕਿ ਸੁਖਪ੍ਰੀਤ ਉਸ ਨਾਲ ਰੰਜਿਸ਼ ਰੱਖਦੀ ਸੀ, ਜਿਸ ਕਾਰਨ ਉਸ ਨੇ ਉਸ ਦੀ ਧੀ ਨੂੰ ਮੌਤ ਦੇ ਘਾਟ ਉਤਾਰਿਆ ਹੈ।
ਥਾਣਾ ਅਮੀਰ ਖਾਸ ਦੇ ਇੰਸਪੈਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਅਮਨਦੀਪ ਕੌਰ ਪਤਨੀ ਦੇਵੀ ਲਾਲ ਨਾਲ ਉਸ ਦੀ ਦਰਾਣੀ ਸੁਖਪ੍ਰੀਤ ਕੌਰ ਦਾ ਪਿਛਲੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਇਸੇ ਰੰਜਿਸ਼ ਕਾਰਨ ਉਸ ਨੇ ਆਪਣੀ ਭਤੀਜੀ ਨੂੰ ਪਹਿਲਾਂ ਤਾਂ ਮਿੱਟੀ ’ਚ ਦੱਬਿਆ ਤੇ ਉਸ ਦੀ ਮੌਤ ਹੋਣ ਮਗਰੋਂ ਉਸ ਦੀ ਲਾਸ਼ ਫਲੱਸ਼ ਵਾਲੀ ਪੁਰਾਣੀ ਖੂਹੀ ’ਚ ਸੁੱਟ ਦਿੱਤੀ। ਪੁਲੀਸ ਨੇ ਸਖ਼ਤੀ ਨਾਲ ਪੁੱਛ ਪੜਤਾਲ ਕੀਤੀ ਤਾਂ ਸੁਖਪ੍ਰੀਤ ਕੌਰ ਨੇ ਆਪਣਾ ਗੁਨਾਹ ਕਬੂਲ ਲਿਆ। ਮੁਲਜ਼ਮ ਖ਼ਿਲਾਫ਼ ਧਾਰਾ 302 ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।