ਪੱਤਰ ਪ੍ਰੇਰਕ
ਸ੍ਰੀ ਕੀਰਤਪੁਰ ਸਾਹਿਬ, 7 ਅਕਤੂਬਰ
ਸ੍ਰੀ ਕੀਰਤਪੁਰ ਸਾਹਿਬ ਵਿਖੇ ਬੀਬੀਐੱਮਬੀ ਦੀ ਜ਼ਮੀਨ ਵਿੱਚ ਹੋਏ ਨਾਜਾਇਜ਼ ਕਬਜ਼ਿਆਂ ਨੂੰ ਛੁਡਾਉਣ ਲਈ ਪਿਛਲੇ ਕੁਝ ਸਮੇਂ ਤੋਂ 35 ਦੁਕਾਨਦਾਰਾਂ ਨੂੰ ਦੁਕਾਨਾਂ ਖਾਲੀ ਕਰਨ ਦੇ ਨੋਟਿਸ ਦਿੱਤੇ ਗਏ ਸਨ। ਅੱਜ ਇੱਕ ਵਾਰ ਫੇਰ ਮੌਕੇ ’ਤੇ ਪੁੱਜੇ ਬੀਬੀਐੱਮਬੀ ਅਧਿਕਾਰੀਆਂ ਦੇ ਹੱਥ ਕੇਵਲ ਨਮੋਸ਼ੀ ਹੀ ਲੱਗੀ ਕਿਉਂਕਿ ਪੁਲੀਸ ਫੋਰਸ ਦੀ ਗੈਰ ਮੌਜੂਦਗੀ ਵਿਚ ਬੀਬੀਐੱਮਬੀ ਅਧਿਕਾਰੀਆਂ ਵੱਲੋਂ ਕਬਜ਼ੇ ਛੁਡਵਾਉਣ ਲਈ ਕੋਈ ਕਾਰਵਾਈ ਨਾ ਆਰੰਭੀ ਗਈ ਤੇ ਨਿਰਾਸ਼ ਹੋ ਕੇ ਮੌਕੇ ਤੋਂ ਪਰਤਣਾ ਪਿਆ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀਐੱਮਬੀ ਦੇ ਐਕਸੀਅਨ ਰਾਜੇਸ਼ ਵਸ਼ਿਸ਼ਟ ਨੇ ਦੱਸਿਆ ਕਿ ਉਹ ਡਿਪਟੀ ਕਮਿਸ਼ਨਰ ਰੂਪਨਗਰ ਅਤੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਇਸ ਬਾਬਤ ਪਹਿਲਾਂ ਵੀ ਜ਼ਿਲ੍ਹਾ ਪੁਲੀਸ ਮੁਖੀ ਤੋਂ ਫੋਰਸ ਦੀ ਮੰਗ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਨੂੰ ਪੁਲੀਸ ਵੱਲੋਂ ਅੱਜ ਵੀ ਸੁਰੱਖਿਆ ਨਾ ਮਿਲਣ ਕਰਕੇ ਉਹ ਨਾਜਾਇਜ਼ ਕਬਜ਼ੇ ਛੁਡਵਾਉਣ ਵਿਚ ਅਸਮਰਥ ਰਹੇ ਹਨ।