ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 12 ਜੁਲਾਈ
ਲਾਂਡਰਾਂ-ਸਰਹਿੰਦ ਮਾਰਗ ’ਤੇ ਸਥਿਤ ਪਿੰਡ ਸਵਾੜਾ ਦੇ ਗਰਾਊਂਡ ਵਿੱਚ ਫਰਜ਼ੀ ਟੀ-20 ਕ੍ਰਿਕਟ ਮੈਚ ਕਰਵਾ ਕੇ ਕਰੋੜਾਂ ਦਾ ਸੱਟਾ ਲਗਾਉਣ ਦਾ ਖੁਲਾਸਾ ਹੋਣ ਤੋਂ ਬਾਅਦ ਮੁੱਢਲੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਬੀਸੀਸੀਆਈ ਦੇ ਅਧਿਕਾਰੀ ਮੁੱਖ ਮੁਲਜ਼ਮ ਰਵਿੰਦਰ ਸਿੰਘ ਡੰਡੀਵਾਲ ਦੇ ਫਰਜ਼ੀਵਾੜੇ ਬਾਰੇ ਪਹਿਲਾਂ ਤੋਂ ਜਾਣੂ ਸਨ ਅਤੇ ਮੁਲਜ਼ਮ ਦੀ ਹਰੇਕ ਗਤੀਵਿਧੀ ’ਤੇ ਨਜ਼ਰ ਰੱਖੀ ਜਾ ਰਹੀ ਸੀ।
ਮੁਹਾਲੀ ਦੀ ਐਸਪੀ (ਦਿਹਾਤੀ) ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਵੱਖ-ਵੱਖ ਐਪ ਸਮੇਤ ਵੈਬਸਾਈਟਾਂ ਵੱਲੋਂ ਵੀ ਫਰਜ਼ੀ ਮੈਚ ਦਾ ਪ੍ਰਸਾਰਨ ਦਿਖਾਇਆ ਗਿਆ ਸੀ ਪਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਈ ਆਨਲਾਈਨ ਐਪਜ਼ ਤੋਂ ਮੈਚ ਦਾ ਪ੍ਰਸਾਰਨ ਹਟਾ ਦਿੱਤਾ ਗਿਆ। ਪੁਲੀਸ ਇਹ ਵੀ ਪਤਾ ਕਰ ਰਹੀ ਹੈ ਕਿ ਮੁਲਜ਼ਮਾਂ ਨੇ ਕਿੱਥੋਂ ਟੂਰਨਾਮੈਂਟ ਸਬੰਧੀ ਬੈਨਰ ਅਤੇ ਮਸ਼ਹੂਰੀ ਬੋਰਡ ਬਣਵਾਏ ਸਨ। ਮੁਲਜ਼ਮਾਂ ਨੇ 22 ਖਿਡਾਰੀਆਂ ਦੀਆਂ ਦੋ ਟੀਮਾਂ ਬਣਾਈਆਂ ਸਨ ਜਿਨ੍ਹਾਂ ’ਚੋਂ ਪਿੰਡ ਚੱਪੜਚਿੜੀ ਦੇ ਚਾਰ ਖਿਡਾਰੀਆਂ ਦੀ ਪਛਾਣ ਕਰਕੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਗਏ ਹਨ ਅਤੇ ਬਾਕੀ ਖਿਡਾਰੀਆਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਡੰਡੀਵਾਲ ਫਰਜ਼ੀ ਮੈਚਾਂ ਵਿੱਚ ਹਿੱਸਾ ਲੈਣ ਵਾਲੇ ਬੇਰੁਜ਼ਗਾਰ ਨੌਜਵਾਨਾਂ ਨੂੰ ਇੰਟਰਨੈਸ਼ਨਲ ਮੈਚਾਂ ਵਿੱਚ ਖਿਡਾਉਣ ਦਾ ਲਾਲਚ ਦਿੰਦਾ ਸੀ। ਡੰਡੀਵਾਲ ਨੇ ਮੈਚ ਦੀ ਕੁਮੈਂਟਰੀ ਲਈ ਇਕ ਵਿਅਕਤੀ ਨੂੰ ਬਾਹਰੋਂ ਸੱਦਿਆ ਸੀ ਪਰ ਫਰਜ਼ੀ ਮੈਚ ਦਾ ਭੇਤ ਖੁੱਲ੍ਹਣ ਦੇ ਡਰੋਂ ਉਸ ਤੋਂ ਕੁਮੈਂਟਰੀ ਨਹੀਂ ਕਰਵਾਈ ਗਈ।