ਪਾਲ ਸਿੰਘ ਨੌਲੀ
ਜਲੰਧਰ, 23 ਜੁਲਾਈ
ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ਵਿੱਚ ਤਿੰਨ ਥਾਵਾਂ ’ਤੇ ਬਿਆਸ ਦਰਿਆ ਵੱਲੋਂ ਐਡਵਾਂਸ ਬੰਨ੍ਹ ਨੂੰ ਢਾਹ ਮਾਰੀ ਜਾ ਰਹੀ ਹੈ, ਜਿਸ ਨਾਲ ਕਿਸਾਨਾਂ ਦੀ ਝੋਨੇ ਦੀ ਫਸਲ ਲਈ ਖਤਰਾ ਹੋ ਗਿਆ ਹੈ। ਬਿਆਸ ਦਰਿਆ ਦ ਢਾਹ ਲੱਗਣ ਨਾਲ ਕਮਜ਼ੋਰ ਹੋ ਰਹੇ ਐਡਵਾਂਸ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਪਿੰਡਾਂ ਦੇ ਕਿਸਾਨ ਦਿਨ ਰਾਤ ਮਿੱਟੀ ਦੇ ਬੋਰੇ ਭਰ-ਭਰ ਕੇ ਬੰਨ੍ਹ ਨੂੰ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਹਨ। ਇਸ ਸਾਲ ਸਾਉਣ ਮਹੀਨੇ ਦੀ ਪਹਿਲੀ ਝੜ੍ਹੀ ਨੇ ਹੀ ਦਰਿਆਵਾਂ ਵਿੱਚ ਪਾਣੀ ਵਧਾ ਦਿੱਤਾ ਹੈ। ਤਿੰਨ੍ਹਾਂ ਥਾਵਾਂ ’ਤੇ ਢਾਹ ਲੱਗਣ ਨਾਲ ਐਡਵਾਂਸ ਬੰਨ੍ਹ ਕਮਜ਼ੋਰ ਹੁੰਦਾ ਜਾ ਰਿਹਾ ਹੈ। ਕਿਸਾਨ ਕਸ਼ਮੀਰ ਸਿੰਘ ਅਤੇ ਸ਼ਮਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਇਲਾਕੇ ਦੇ ਕਿਸਾਨਾਂ ਦੇ ਮਨਾਂ ਵਿੱਚ ਰੋਸ ਹੈ ਕਿ 50 ਸਾਲਾਂ ਤੋਂ ਸੱਤਧਾਰੀ ਧਿਰਾਂ ਕਿਸਾਨਾਂ ਦੀਆਂ ਵੋਟਾਂ ਨਾਲ ਰਾਜ ਤਾਂ ਹਾਸਲ ਕਰ ਲੈਂਦੀਆਂ ਹਨ ਪਰ ਔਖੀ ਵੇਲੇ ਕਿਸਾਨਾਂ ਦੀ ਬਾਂਹ ਨਹੀਂ ਫੜਦੀਆਂ। ਇਸ ਬੰਨ੍ਹ ਨੂੰ ਹਰ ਸਾਲ ਕਿਸਾਨ 5-7 ਲੱਖ ਰੁਪਏ ਖਰਚ ਕਰ ਮਜ਼ਬੂਤ ਰੱਖਣ ਦਾ ਯਤਨ ਕਰਦੇ ਆ ਰਹੇ ਹਨ। ਪਿੰਡ ਆਹਲੀ ਕਲਾਂ, ਆਹਲੀ ਖੁਰਦ, ਬੂਲੇ, ਹਜ਼ਾਰਾ, ਚੱਕ, ਕਰਮੂਵਾਲ, ਧੁੰਨ, ਗੁੱਦੇ, ਫਤਿਹਵਾਲ, ਗਾਮੇ-ਜਾਮੇਵਾਲ, ਸਰੂਪਵਾਲ, ਸ਼ੇਖਮਾਂਗਾ, ਭਰੋਆਣਾ, ਤਕੀਆ,ਫਤਿਹਵਾਲ ਪਿੰਡ ਪਵਿੱਤਰ ਵੇਈਂ ਅਤੇ ਦਰਿਆ ਬਿਆਸ ਦੇ ਬੰਨ੍ਹ ਕਮਜ਼ੋਰ ਹੋਣ ਕਰਕੇ ਦਹਾਕਿਆ ਤੋਂ ਹੜ੍ਹਾਂ ਦੀ ਮਾਰ ਚੱਲਦੇ ਆ ਰਹੇ ਹਨ।