ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 6 ਦਸੰਬਰ
ਕਿਸਾਨ ਅੰਦੋਲਨ ਦੌਰਾਨ ਕਥਿਤ ਤੌਰ ’ਤੇ ਕਿਸਾਨਾਂ ਨੂੰ ਚਿੜਾਉਣ ਲਈ ਭਾਜਪਾ ਦੇ ਇੱਕ ਅਹਿਮ ਸੂਬਾਈ ਆਗੂ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ‘ਨਿਊ ਮੋਤੀ ਬਾਗ ਪੈਲੇਸ’ ਦੇ ਸਾਹਮਣੇ ਆਪਣੇ ਘਰ ’ਤੇ ਪਾਰਟੀ ਦੇ ਦੋ ਝੰਡੇ ਲਹਿਰਾਏ ਜਾਣ ਦੀ ਸਿਆਸੀ ਹਲਕਿਆਂ ’ਚ ਚਰਚਾ ਭਖਣ ਲੱਗੀ ਹੈ। ਸਿਆਸੀ ਸੂਤਰਾਂ ਦਾ ਕਹਿਣਾ ਹੈ ਕਿ ਕਿਸਾਨੀ ਅੰਦੋਲਨ ਮਘਣ ਮਗਰੋਂ ਭਾਵੇਂ ਸੂਬੇ ਦੀ ਭਾਜਪਾ ਲੀਡਰਸ਼ਿਪ ’ਚ ਕਥਿਤ ਸਿਆਸੀ ਡਰ ਪੈਦਾ ਹੋ ਰਿਹਾ ਹੈ, ਪਰ ਪਟਿਆਲਾ ਦੇ ਸੂਬਾਈ ਆਗੂ ਵੱਲੋਂ ਜੋ ਝੰਡੇ ਲਹਿਰਾਏ ਜਾਣ ਲੱਗੇ ਹਨ, ਉਹ ਮੁੱਖ ਮੰਤਰੀ ਦੇ ਘਰ ‘ਨਿਊ ਮੋਤੀ ਬਾਗ ਪੈਲੇਸ’ ਦੀ ਪੁਲੀਸ ਸੁਰੱਖਿਆ ਦੀ ਆੜ ਹੇਠ ਲਹਿਰਾਏ ਗਏ ਹਨ। ਦੂਜੇ ਪਾਸੇ ਭਾਜਪਾ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਨੇ ਆਖਿਆ ਭਾਵੇਂ ਉਨ੍ਹਾਂ ਨੂੰ ਇਲਮ ਨਹੀਂ ਕਿ ਸੂਬਾਈ ਆਗੂ ਦੇ ਘਰ ’ਤੇ ਦੋ ਝੰਡੇ ਲੱਗੇ ਹੋਏ ਹਨ, ਪਰ ਕੋਈ ਵੀ ਸਿਆਸੀ ਆਗੂ ਆਪਣੇ ਘਰ ’ਤੇ ਜਿੰਨੇ ਮਰਜ਼ੀ ਝੰਡੇ ਲਹਿਰਾ ਸਕਦਾ ਹੈ।