ਸਰਬਜੀਤ ਸਿੰਘ ਭੰਗੂ
ਪਟਿਆਲਾ, 7 ਜੂਨ
ਸਥਾਨਕ ਸਰਕਾਰਾਂ ਵਿਭਾਗ ਵਿਚਲੀਆਂ 332 ਅਸਾਮੀਆਂ ’ਤੇ ਨੇਤਰਹੀਣਾਂ ਦੀ ਭਰਤੀ ਅਤੇ ਕਈ ਹੋਰ ਮੰਗਾਂ ਦੀ ਪੂਰਤੀ ਖਾਤਰ ਪੰਜਾਬ ਭਰ ਵਿੱਚੋਂ ਵੱਡੀ ਗਿਣਤੀ ਵਿੱਚ ਨੇਤਰਹੀਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਦੀ ਰਿਹਾਇਸ਼ ਅੱਗੇ ਧਰਨਾ ਦੇਣ ਲਈ ਅੱਜ ਪਟਿਆਲਾ ਆ ਪੁੱਜੇ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ‘ਭਾਰਤ ਨੇਤਰਹੀਣ ਸੇਵਕ ਸਮਾਜ’ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਚਾਹਲ ਅਤੇ ‘ਨੈਸ਼ਨਲ ਫੈਡਰੇਸ਼ਨ ਆਫ ਬਲਾਈਂਡ ਪੰਜਾਬ’ ਦੇ ਪ੍ਰਧਾਨ ਵਿਵੇਕ ਮੌਂਗਾ ਕਰ ਰਹੇ ਸਨ।
ਮੋਤੀ ਮਹਿਲ ਨੇੜੇ ਪਹਿਲਾਂ ਤੋਂ ਲੱਗੇ ਨਾਕਿਆਂ ਕਾਰਨ ਨੇਤਰਹੀਣਾਂ ਨੂੰ ਪਿੱਛੇ ਹੀ ਰੁਕਣਾ ਪਿਆ, ਜਿਸ ਦੌਰਾਨ ਉਨ੍ਹਾਂ ਨੇ ਤਪਦੀ ਦੁਪਹਿਰੇ ਸੜਕ ’ਤੇ ਹੀ ਆਸਣ ਲਾ ਲਿਆ। ਇਸ ਮਗਰੋਂ ਉਹ ਨਾਲ ਲਿਆਏ ਹਰਮੋਨੀਅਮ ਅਤੇ ਢੋਲਕੀਆਂ ਛੈਣਿਆਂ ਜ਼ਰੀਏ ਸੰਗੀਤਕ ਧੁਨਾਂ ਦੇ ਰੂਪ ਵਿੱਚ ਮੰਗਾਂ ਦਾ ਪ੍ਰਗਟਾਵਾ ਕਰਨ ਲੱਗੇ ਪਰ ਇਥੇ ਸੁਰੱਖਿਆ ਪ੍ਰਬੰਧਾਂ ਦੀ ਅਗਵਾਈ ਕਰ ਰਹੇ ਐੱਸਪੀ (ਸਿਟੀ) ਵਰੁਣ ਸ਼ਰਮਾ (ਆਈਪੀਐੱਸ) ਵੱਲੋਂ ਸਥਿਤੀ ਤੋਂ ਜਾਣੂ ਕਰਵਾਉਣ ’ਤੇ ਸਰਕਾਰ, ਖਾਸ ਕਰਕੇ ਮੰਤਰੀ ਬ੍ਰਹਮ ਮਹਿੰਦਰਾ ਨੇ ਵਿਭਾਗ ਦੀਆਂ 332 ਵਿੱਚੋਂ 211 ਅਸਾਮੀਆਂ ਨੇਤਰਹੀਣਾਂ ਵਿੱਚੋਂ ਭਰਨ ਦਾ 8 ਜੂਨ ਨੂੰ ਹੀ ਨੋਟੀਫਿਕੇਸ਼ਨ ਜਾਰੀ ਕਰਨ ਦਾ ਸੰਦੇਸ਼ ਭੇਜ ਦਿੱਤਾ।
ਗੱਲਬਾਤ ਦੌਰਾਨ ਪ੍ਰਸ਼ਾਸਨ ਨੇ ਬਾਕੀ ਮੰਗਾਂ ਸਬੰਧੀ ਬ੍ਰਹਮ ਮਹਿੰਦਰਾ ਅਤੇ ਮੁੱਖ ਮੰਤਰੀ ਦੇ ਓਐੱਸਡੀ ਐੱਮਪੀ ਸਿੰਘ ਨਾਲ ਸ਼ੁੱਕਰਵਾਰ ਅਤੇ ਸ਼ਨਿਚਰਵਾਰ ਦੀਆਂ ਮੀਟਿੰਗਾਂ ਵੀ ਮੁਕੱਰਰ ਕਰਵਾ ਦਿੱਤੀਆਂ। ਇਸ ਮਗਰੋਂ ਮੁਜ਼ਾਹਰਾਕਾਰੀ ਭਾਵੇਂ ਸ਼ਾਂਤ ਤਾਂ ਹੋ ਗਏ ਪਰ ਨੋਟੀਫਿਕੇਸ਼ਨ ਮਿਲਣ ਤੱਕ ਉਹ ਸੰਕੇਤਕ ਤੌਰ ’ਤੇ ਇੱਥੇ ਧਰਨਾ ਜਾਰੀ ਰੱਖਣਾ ਚਾਹੁੰਦੇ ਸਨ ਪਰ ਅਧਿਕਾਰੀਆਂ ਦੇ ਦਖਲ ਨਾਲ ਬਣੀ ਸਹਿਮਤੀ ਮਗਰੋਂ ਉਨ੍ਹਾਂ ਦੇ 11 ਮੈਂਬਰ ਮੁੱਖ ਮੰਤਰੀ ਨਿਵਾਸ ਦੇ ਦੂਜੇ ਪਾਸੇ ਸਥਿਤ ਪੋਲੋ ਗਰਾਊਂਡ ਵਿੱਚ ਬੈਠਣ ਲਈ ਰਾਜ਼ੀ ਹੋ ਗਏ। ਪ੍ਰਸ਼ਾਸਨ ਦਾ ਕਹਿਣਾ ਸੀ ਕਿ ਇੱਥੇ ਇੱਕ ਛੱਤ ਹੇਠ ਬਿਠਾਏ ਗਏ ਨੇਤਰਹੀਣਾਂ ਲਈ ਬਿਜਲੀ, ਪਾਣੀ ਤੇ ਬਾਥਰੂਮ ਦਾ ਪ੍ਰਬੰਧ ਵੀ ਹੈ। ਇਸ ਧਰਨੇ ਵਿੱਚ ਰਾਜਿੰਦਰ ਸਿੰਘ ਸੋਨੂੰ, ਧਨਵੰਤ ਸਿੰਘ ਮੌਂਗਾ, ਇਕਬਾਲ ਸਿੰਘ ਜਮਾਲਪੁਰ, ਬਾਬਾ ਜਸਪ੍ਰੀਤ ਸਿੰਘ, ਦਲਬਾਰਾ ਸਿੰਘ ਭੱਟੀ, ਲੈਕਚਰਾਰ ਕ੍ਰਿਸ਼ਨ ਸਿੰਘ ਅਤੇ ਪਰਮਿੰਦਰ ਫੁੱਲਾਂਵਾਲ ਸਮੇਤ ਹੋਰ ਵੀ ਮੌਜੂਦ ਸਨ।
ਨੇਤਰਹੀਣਾਂ ਦੀਆਂ ਹੋਰ ਮੰਗਾਂ
ਨੇਤਰਹੀਣਾਂ ਵੱਲੋਂ ਸਰਕਾਰ ਅੱਗੇ ਰੱਖੀਆਂ ਗਈਆਂ ਮੁੱਖ ਮੰਗਾਂ ਵਿੱਚ ਨੇਤਰਹੀਣਾਂ ਲਈ ਜਮਾਲਪੁਰ ’ਚ ਸਥਿਤ ਪੰਜਾਬ ਵਿਚਲੇ ਇਕਲੌਤੇ ਸਕੂਲ ਵਿੱਚ ਸਟਾਫ ਤੇ ਹੋਰ ਘਾਟਾਂ ਪੂਰੀਆਂ ਕਰਨੀਆਂ, ਸਰਕਾਰੀ ਵਿਭਾਗਾਂ ਵਿੱਚ ਪਿਆ ਬੈਕਲਾਗ ਪੂਰਾ ਕਰਵਾਉਣਾ, ਪੈਨਸ਼ਨ ਪੰਜ ਹਜ਼ਾਰ ਕਰਨਾ, ਨੇਤਰਹੀਣ ਕਰਮਚਾਰੀਆਂ ਦੀਆਂ ਰੁਕੀਆਂ ਤਰੱਕੀਆਂ ਕਰਵਾਉਣਾ, ਚਾਰ ਫ਼ੀਸਦੀ ਬਜਟ ਰਾਖਵਾਂ ਕਰਵਾਉਣਾ ਅਤੇ ਨੀਲੇ ਕਾਰਡ ਵਾਲੀਆਂ ਸਹੂਲਤਾਂ ਸ਼ੁਰੂ ਕਰਵਾਉਣਾ ਸ਼ਾਮਲ ਹਨ।