ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 24 ਮਾਰਚ
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਨਵਾਂ ਸਿੱਖਿਆ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ 100 ਫੀਸਦੀ ਪਾਠ-ਪੁਸਤਕਾਂ ਤਿਆਰ ਕਰਕੇ ਇਤਿਹਾਸ ਸਿਰਜਿਆ ਹੈ। ਇਸ ਸਬੰਧੀ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਨੇ ਦੱਸਿਆ ਕਿ ਬੋਰਡ ਵੱਲੋਂ ਪਹਿਲੀ ਜਮਾਤ ਤੋਂ ਲੈ ਕੇ ਬਾਰ੍ਹਵੀਂ ਸ਼੍ਰੇਣੀ ਤੱਕ ਦੇ ਵਿਦਿਆਰਥੀਆਂ ਨੂੰ ਪਾਠ-ਪੁਸਤਕਾਂ ਸਪਲਾਈ ਕੀਤੀਆਂ ਜਾਂਦੀਆਂ ਹਨ, ਜਿਸ ਵਿੱਚ ਲਗਪਗ 1.70 ਕਰੋੜ ਪਾਠ-ਪੁਸਤਕਾਂ ਸੋਸ਼ਲ ਵੈੱਲਫੇਅਰ ਵਿਭਾਗ ਅਤੇ 50 ਲੱਖ ਕਿਤਾਬਾਂ ਵੇਚਣ ਲਈ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਬੋਰਡ ਵੱਲੋਂ 335 ਟਾਈਟਲ ਛਾਪੇ ਗਏ ਹਨ, 320 ਪੁਸਤਕਾਂ ਦੇ ਮੁੱਲ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਾਧਾ ਨਹੀਂ ਕੀਤਾ ਗਿਆ, ਪਰ ਕਈ ਕਿਤਾਬਾਂ ਦੇ ਪੰਨੇ ਜ਼ਿਆਦਾ ਛਪਣ ਕਾਰਨ ਕਾਗਜ਼ ਦੇ ਪੈਸੇ ਜੋੜੇ ਗਏ ਹਨ। ਬੋਰਡ ਮੁਖੀ ਨੇ ਦੱਸਿਆ ਕਿ ਬਾਰ੍ਹਵੀਂ ਸ਼੍ਰੇਣੀ ਲਈ 15 ਕਿਤਾਬਾਂ ਐਨਸੀਈਆਰਟੀ ਦੀਆਂ ਸ਼ਰਤਾਂ ਮੁਤਾਬਕ ਛਾਪੀਆਂ ਜਾਂਦੀਆਂ ਸਨ, ਇਸ ਸਾਲ ਸਿੱਖਿਆ ਬੋਰਡ ਪਹਿਲੀ ਵਾਰ ਆਪਣੇ ਤੌਰ ’ਤੇ ਕਿਤਾਬਾਂ ਛਾਪ ਕੇ ਜਾਰੀ ਕਰ ਰਿਹਾ ਹੈ। ਜਿਨ੍ਹਾਂ ’ਚੋਂ 10 ਟਾਈਟਲਾਂ ਦੀ ਕੀਮਤ ਘਟਾਈ ਗਈ ਅਤੇ 5 ਟਾਈਟਲਾਂ ਦੇ ਮੁੱਲ ਵਿੱਚ ਨਾ ਮਾਤਰ ਵਾਧਾ ਕੀਤਾ ਗਿਆ ਹੈ।
ਪ੍ਰੋ. ਯੋਗਰਾਜ ਨੇ ਦੱਸਿਆ ਕਿ ਕਿਤਾਬਾਂ ਦੀ ਸਪਲਾਈ ਬਲਾਕ ਪੱਧਰ ’ਤੇ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵਿਦਿਆਰਥੀ ਸਕੂਲਾਂ ਵਿੱਚ ਪਹਿਲੇ ਦਿਨ ਹਾਜ਼ਰ ਹੋਣਗੇ ਤਾਂ ਸਾਰੇ ਵਿਦਿਆਰਥੀਆਂ ਦੇ ਹੱਥਾਂ ਵਿੱਚ ਨਵੀਆਂ ਕਿਤਾਬਾਂ ਉਪੱਲਬਧ ਹੋਣਗੀਆਂ।