ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 3 ਜੁਲਾਈ
ਇੱਥੋਂ ਦੇ ਬੱਸ ਅੱਡੇ ਨੇੜੇ ਇਕ ਹੋਟਲ ਦੇ ਕਮਰੇ ’ਚੋਂ ਅੱਜ ਲੜਕੇ ਤੇ ਲੜਕੀ ਦੀਆਂ ਲਾਸ਼ਾਂ ਮਿਲੀਆਂ ਹਨ। ਮ੍ਰਿਤਕਾਂ ਦੀ ਸ਼ਨਾਖਤ ਪ੍ਰਭਨੂਰ ਸਿੰਘ (18) ਅਤੇ ਹਰਸਿਮਰਨ ਕੌਰ (20) ਵਜੋਂ ਹੋਈ ਹੈ। ਦੋਵਾਂ ਦੇ ਸਿਰ ਵਿੱਚ ਗੋਲੀ ਲੱਗਣ ਦੇ ਨਿਸ਼ਾਨ ਹਨ। ਪੁਲੀਸ ਨੇ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਮਾਮਲੇ ਦੀ ਜਾਂਚ ਕਰ ਰਹੇ ਪੁਲੀਸ ਅਧਿਕਾਰੀ ਨਾਰਾਇਣ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਦੋਹਾਂ ਵਿਚਾਲੇ ਪ੍ਰੇਮ ਸਬੰਧ ਚੱਲ ਰਿਹਾ ਸੀ ਪਰ ਉਨ੍ਹਾਂ ਦੇ ਪਰਿਵਾਰ ਵਾਲੇ ਵਿਆਹ ਲਈ ਸਹਿਮਤ ਨਹੀਂ ਸਨ। ਪੁਲੀਸ ਦੇ ਡਿਪਟੀ ਕਮਿਸ਼ਨਰ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪ੍ਰਭਨੂਰ ਨੇ ਇਸ ਘਟਨਾ ਲਈ ਆਪਣੇ ਪਿਤਾ ਦਾ ਲਾਇਸੈਂਸੀ ਰਿਵਾਲਵਰ ਵਰਤਿਆ ਹੈ। ਉਨ੍ਹਾਂ ਲੜਕੇ ਦੇ ਪਿਤਾ ਅਤੇ ਲੜਕੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।