ਰਾਜਿੰਦਰ ਕੁਮਾਰ
ਬਲੂਆਣਾ (ਅਬੋਹਰ), 17 ਅਕਤੂਬਰ
ਥਾਣਾ ਖੂਈਆਂ ਸਰਵਰ ਹੇਠ ਪੈਂਦੇ ਪਿੰਡ ਸੱਪਾਂਵਾਲੀ ਵਿੱਚ ਅਣਖ ਖਾਤਰ ਪ੍ਰੇਮੀ ਜੋੜੇ ਦਾ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਮਾਲੀ ਭਾਈਚਾਰੇ ਨਾਲ ਸਬੰਧਤ ਪਿੰਡ ਦੇ ਰਹਿਣ ਵਾਲੇ ਰੋਹਤਾਸ਼ ਦੇ ਕੰਬੋਜ ਭਾਈਚਾਰੇ ਦੀ ਲੜਕੀ ਸੁਮਨ ਨਾਲ ਪ੍ਰੇਮ ਸਬੰਧ ਸਨ। ਬੀਤੇ ਦਿਨੀਂ ਦੋਹਾਂ ਨੇ ਘਰੋਂ ਭੱਜ ਕੇ ਵਿਆਹ ਕਰਵਾ ਲਿਆ ਸੀ ਅਤੇ ਮੋਗਾ ਲਾਗੇ ਇਕ ਪਿੰਡ ਵਿੱਚ ਰਹਿਣ ਲੱਗ ਪਏ ਸਨ। ਅੱਜ ਦੋਹਾਂ ਦੀਆਂ ਲਾਸ਼ਾਂ ਪਿੰਡ ਸੱਪਾਂਵਾਲੀ ਦੀ ਸੱਥ ਵਿੱਚ ਪਈਆਂ ਮਿਲੀਆਂ। ਇਸ ਸਬੰਧੀ ਖ਼ਬਰ ਅਬੋਹਰ ਪੁਲੀਸ ਨੂੰ ਮਿਲੀ ਤਾਂ ਡੀਐੱਸਪੀ ਰਾਹੁਲ ਭਾਰਦਵਾਜ ਦੀ ਅਗਵਾਈ ਹੇਠ ਮੌਕੇ ’ਤੇ ਪਹੁੰਚੀ ਪੁਲੀਸ ਫੋਰਸ ਨੇ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਅਬੋਹਰ ਪੁਲੀਸ ਨੂੰ ਸ਼ੱਕ ਹੈ ਕਿ ਦੋਹਾਂ ਨੂੰ ਮੋਗਾ ਨੇੜਲੇ ਪਿੰਡ ਵਿੱਚ ਕਤਲ ਕਰ ਕੇ ਲਾਸ਼ਾਂ ਅਬੋਹਰ ਦੇ ਪਿੰਡ ਸੱਪਾਂਵਾਲੀ ਵਿਚ ਲਿਆ ਕੇ ਸੁੱਟੀਆਂ ਗਈਆਂ ਹਨ। ਦੇਰ ਰਾਤ ਤੱਕ ਪੁਲੀਸ ਵੱਲੋਂ ਪੜਤਾਲ ਜਾਰੀ ਸੀ ਅਤੇ ਇਸ ਮਾਮਲੇ ਵਿੱਚ ਮੋਗਾ ਪੁਲੀਸ ਦਾ ਇੰਤਜ਼ਾਰ ਹੋ ਰਿਹਾ ਸੀ।